ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅੱਜ Donald Trump ਦੀ ਤਾਜਪੋਸ਼ੀ, ਸਹੁੰ ਚੁੱਕ ਸਮਾਗਮ 'ਚ ਟੁੱਟਣਗੇ ਕਈ ਰਿਕਾਰਡ
Monday, Jan 20, 2025 - 09:01 AM (IST)
ਵਾਸ਼ਿੰਗਟਨ- ਅਮਰੀਕਾ ਅੱਜ ਫਿਰ ਇਤਿਹਾਸ ਰਚਣ ਜਾ ਰਿਹਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਡੋਨਾਲਡ ਟਰੰਪ ਦੇ ਤਾਜਪੋਸ਼ੀ 'ਤੇ ਹਨ। ਇਸ ਵਾਰ ਬਹੁਤ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਦਹਾਕਿਆਂ ਵਿੱਚ ਨਹੀਂ ਹੋਇਆ ਸੀ। ਇਸ ਵਾਰ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋ ਰਿਹਾ ਹੈ। ਇਸਦਾ ਕਾਰਨ ਕਿਸੇ ਦੁਸ਼ਮਣ ਦੇ ਹਮਲੇ ਦਾ ਡਰ ਨਹੀਂ ਹੈ, ਸਗੋਂ ਇੱਥੇ ਬਹੁਤ ਜ਼ਿਆਦਾ ਠੰਢ ਅਤੇ ਬਰਫ਼ਬਾਰੀ ਹੋਣਾ ਹੈ। ਇਸ ਤਰ੍ਹਾਂ ਅਮਰੀਕੀ ਇਤਿਹਾਸ ਵਿੱਚ 40 ਸਾਲਾਂ ਬਾਅਦ ਰਾਸ਼ਟਰਪਤੀ ਸੰਸਦ ਦੇ ਅੰਦਰ ਸਹੁੰ ਚੁੱਕਣਗੇ। ਇਸ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਵਾਸ਼ਿੰਗਟਨ ਡੀ.ਸੀ ਪਹੁੰਚ ਗਏ ਹਨ। ਟਰੰਪ ਸਮਰਥਕ ਪਟਾਕੇ ਚਲਾ ਰਹੇ ਹਨ। ਸਮਰਥਕ ਇਸ ਕੜਾਕੇ ਦੀ ਠੰਢ ਵਿੱਚ ਵੀ ਉਨ੍ਹਾਂ ਲਈ ਇੱਕ ਮਾਹੌਲ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਚੀਫ਼ ਜਸਟਿਸ ਜੌਨ ਰੌਬਰਟਸ ਟਰੰਪ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਹੋਵੇਗਾ। ਪਹਿਲੀ ਵਾਰ ਵਿਦੇਸ਼ੀ ਮਹਿਮਾਨ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।
ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੇ ਬਾਈਡੇਨ ਪ੍ਰਸ਼ਾਸਨ ਦੇ ਕਾਰਜਕਾਲ 'ਤੇ ਬੋਲਿਆ ਹਮਲਾ
ਡੋਨਾਲਡ ਟਰੰਪ ਵਾਸ਼ਿੰਗਟਨ ਪਹੁੰਚ ਚੁੱਕੇ ਹਨ। ਉਹ ਆਪਣੇ ਪਰਿਵਾਰ ਨਾਲ ਫਲੋਰੀਡਾ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਾਸ਼ਿੰਗਟਨ ਪਹੁੰਚੇ। ਇਸ ਉਡਾਣ ਨੂੰ ਸਪੈਸ਼ਲ ਏਅਰ ਮਿਸ਼ਨ-47 ਦਾ ਨਾਮ ਦਿੱਤਾ ਗਿਆ ਸੀ। ਮਿਸ਼ਨ-47 ਦਾ ਮਤਲਬ ਹੈ ਕਿ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਹੋਣਗੇ। ਇੱਕ ਪਾਸੇ ਟਰੰਪ ਦੇ ਵਿਰੋਧੀ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਗੁੱਸੇ ਵਿੱਚ ਹਨ ਜਦਕਿ ਦੂਜੇ ਪਾਸੇ ਟਰੰਪ ਦੇ ਸਮਰਥਕ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ। ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੇ ਬਾਈਡੇਨ ਪ੍ਰਸ਼ਾਸਨ ਦੇ ਕਾਰਜਕਾਲ 'ਤੇ ਹਮਲਾ ਬੋਲਿਆ। ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਵਾਸ਼ਿੰਗਟਨ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ (MAGA) ਰੈਲੀ ਵਿੱਚ ਕਿਹਾ, "ਅਸੀਂ ਆਪਣੇ ਦੇਸ਼ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਮਹਾਨ ਬਣਾਉਣ ਜਾ ਰਹੇ ਹਾਂ... ਅਸੀਂ ਕੱਲ੍ਹ ਦੁਪਹਿਰ ਨੂੰ ਆਪਣੇ ਦੇਸ਼ ਦੀ ਸ਼ਾਨ ਵਾਪਸ ਕਰਨ ਜਾ ਰਹੇ ਹਾਂ।''
ਦੂਜੀ ਵਾਰ ਚੁੱਕਣਗੇ ਅਹੁਦੇ ਦੀ ਸਹੁੰ
ਅਮਰੀਕੀ ਰਾਜਨੀਤੀ ਵਿੱਚ ਵ੍ਹਾਈਟ ਹਾਊਸ ਛੱਡਣ ਤੋਂ ਚਾਰ ਸਾਲ ਬਾਅਦ ਵਾਪਸ ਆਉਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ, ਪਰ ਡੋਨਾਲਡ ਟਰੰਪ ਇਸ ਅਸੰਭਵ ਟੀਚੇ ਨੂੰ ਸੰਭਵ ਬਣਾ ਕੇ ਇਤਿਹਾਸ ਰਚਣ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਵਜੋਂ ਦੁਬਾਰਾ ਸਹੁੰ ਚੁੱਕ ਕੇ ਟਰੰਪ ਇੱਕ ਸਾਬਕਾ ਰਾਸ਼ਟਰਪਤੀ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਗਰੋਵਰ ਕਲੀਵਲੈਂਡ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ 131 ਸਾਲ ਪਹਿਲਾਂ ਵ੍ਹਾਈਟ ਹਾਊਸ ਤੋਂ 4 ਸਾਲ ਬਾਹਰ ਰਹਿਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਕੇ ਰਿਕਾਰਡ ਕਾਇਮ ਕੀਤਾ ਸੀ। ਗਰੋਵਰ ਕਲੀਵਲੈਂਡ ਦੋ ਵਾਰ 1885 ਤੋਂ 1889 ਅਤੇ 1893 ਤੋਂ 1897 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਤੋਂ ਬਾਅਦ, ਡੋਨਾਲਡ ਟਰੰਪ ਦੂਜੇ ਨੇਤਾ ਹਨ ਜੋ 4 ਸਾਲਾਂ ਦੇ ਅੰਤਰਾਲ ਤੋਂ ਬਾਅਦ ਸੱਤਾ ਵਿੱਚ ਵਾਪਸ ਆਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਲਕੇ ਸਹੁੰ ਚੁੱਕਣਗੇ ਟਰੰਪ, ਪਹਿਲੇ ਦਿਨ 100 ਕਾਰਜਕਾਰੀ ਆਦੇਸ਼ਾਂ 'ਤੇ ਕਰ ਸਕਦੇ ਨੇ ਦਸਤਖ਼ਤ
ਇਹ ਦਿੱਗਜ਼ ਸਮਾਰੋਹ ਵਿੱਚ ਹੋਣਗੇ ਸ਼ਾਮਲ
ਸਹੁੰ ਚੁੱਕ ਸਮਾਗਮ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਵੱਲੋਂ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮੇਲੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜਦੋਂ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਜਰਮਨੀ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਅਮਰੀਕੀ ਦੋਸਤਾਂ ਨੇ ਵੀ ਆਪਣੇ ਪ੍ਰਤੀਨਿਧੀ ਭੇਜਣ ਦਾ ਫੈ਼ਸਲਾ ਕੀਤਾ ਹੈ। ਉਪ ਰਾਸ਼ਟਰਪਤੀ ਹਾਨ ਜ਼ੇਂਗ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜਗ੍ਹਾ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਕੋਈ ਸੀਨੀਅਰ ਚੀਨੀ ਨੇਤਾ ਅਜਿਹੇ ਮੌਕੇ 'ਤੇ ਮੌਜੂਦ ਹੋਵੇਗਾ।
ਸਹੁੰ ਚੁੱਕ ਸਮਾਗਮ ਦੌਰਾਨ ਟੁੱਟਣਗੀਆਂ ਕਈ ਪਰੰਪਰਾਵਾਂ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਟਰੰਪ ਦੇ ਸਲਾਹਕਾਰ ਐਲੋਨ ਮਸਕ, ਐਮਾਜ਼ਾਨ ਦੇ ਕਾਰਜਕਾਰੀ ਚੇਅਰਮੈਨ ਜੈਫ ਬੇਜੋਸ ਅਤੇ ਮੈਟਾ ਪਲੇਟਫਾਰਮਸ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਵੀ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤਰ੍ਹਾਂ, ਡੋਨਾਲਡ ਟਰੰਪ ਦਾ ਦੂਜਾ ਸਹੁੰ ਚੁੱਕ ਸਮਾਗਮ ਕਈ ਪਰੰਪਰਾਵਾਂ ਨੂੰ ਤੋੜਨ ਅਤੇ ਨਵੇਂ ਰਿਕਾਰਡ ਬਣਾਉਣ ਜਾ ਰਿਹਾ ਹੈ।
ਪਹਿਲੇ ਦਿਨ ਦੇ ਆਦੇਸ਼ਾਂ 'ਤੇ ਨਜ਼ਰ
ਚੋਣਾਂ ਤੋਂ ਪਹਿਲਾਂ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਸ਼ੁਰੂਆਤ, ਜਨਮ ਤੋਂ ਨਾਗਰਿਕਤਾ ਦੇ ਨਿਯਮਾਂ 'ਚ ਤਬਦੀਲੀ, ਕੈਪੀਟਲ ਹਿੱਲ ਦੇ ਦੰਗਾਕਾਰੀਆਂ ਨੂੰ ਮੁਆਫ਼ੀ ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਵਾਧੂ ਟੈਰਿਫ ਟੈਕਸ, ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋਣਾ ਅਤੇ ਤੇਲ ਡਿਲਿੰਗ ਨੂੰ ਇਜਾਜ਼ਤ ਦੇਣ ਸਬੰਧੀ ਵਾਅਦੇ ਕੀਤੇ ਸਨ। ਹੁਣ ਸਹੰੁ ਚੁੱਕਣ ਤੋਂ ਇਹ ਦੇਖਣਾ ਦਿਲਚਸਪ ਹੋਵਗਾ ਕਿ ਆਪਣੇ ਕਾਰਜਕਾਲ ਦੇ ਪਹਿਲੇ ਦਿਨ 100 ਕਾਰਜਕਾਰੀ ਆਦੇਸ਼ਾਂ ਵਿਚ ਕਿਹੜੇ ਆਦੇਸ਼ ਸ਼ਾਮਲ ਕਰਦੇ ਹਨ। ਇਸ ਤੋਂ ਇਲਾਵਾ ਟਰੰਪ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਲਏ ਕੁਝ ਫ਼ੈਸਲੇ ਬਦਲ ਸਕਦੇ ਹਨ ਜਿਨ੍ਹਾਂ ਵਿਚ ਕਿਊਬਾ ਦਾ ਅੱਤਵਾਦੀ ਪ੍ਰਾਯੋਜਕ ਦੇਸ਼ ਦਾ ਦਰਜਾ ਹਟਾਉਣਾ, ਟਿਕਟਾਕ 'ਤੇ ਪਾਬੰਦੀ ਹਟਾਉਣਾ ਅਤੇ ਵੈਨੂਜ਼ੁਏਲਾ 'ਤੇ ਪਾਬੰਦੀ ਹਟਾਉਣਾ ਸ਼ਾਮਲ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।