6 ਮਹੀਨਿਆਂ ਬਾਅਦ ਟਰੰਪ ਕੈਂਪ ’ਚ ਵਾਪਸ ਆਏ ਮਸਕ, ਨਵੀਂ ਪਾਰਟੀ ਬਣਾਉਣ ਦੀ ਯੋਜਨਾ ਰੱਦ

Friday, Nov 21, 2025 - 01:51 AM (IST)

6 ਮਹੀਨਿਆਂ ਬਾਅਦ ਟਰੰਪ ਕੈਂਪ ’ਚ ਵਾਪਸ ਆਏ ਮਸਕ, ਨਵੀਂ ਪਾਰਟੀ ਬਣਾਉਣ ਦੀ ਯੋਜਨਾ ਰੱਦ

ਵਾਸ਼ਿੰਗਟਨ - ਟੈਸਲਾ ਦੇ ਸੀ. ਈ. ਓ. ਐਲਨ ਮਸਕ ਮੁੜ ਤੋਂ ਅਮਰੀਕੀ ਸਿਆਸਤ ਦੇ ਕੇਂਦਰ ’ਚ ਵਾਪਸ ਆ ਗਏ ਹਨ। ਰਾਸ਼ਟਰਪਤੀ ਟਰੰਪ ਨਾਲ ਟਕਰਾਅ ਦੇ ਲੱਗਭਗ 6 ਮਹੀਨਿਆਂ ਬਾਅਦ ਉਹ ਰਾਜਧਾਨੀ ਵਾਸ਼ਿੰਗਟਨ ’ਚ ਜਨਤਕ ਸਮਾਗਮ ’ਚ ਸ਼ਾਮਲ ਹੋਏ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਨਮਾਨ ’ਚ ਆਯੋਜਿਤ ਟਰੰਪ ਦੇ ਸਟੇਟ ਡਿਨਰ ’ਚ ਐਲਨ ਮਸਕ ਵੀ ਸ਼ਾਮਲ ਹੋਏ। ਮਸਕ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਯੋਜਨਾ ਨੂੰ ਵੀ ਰੱਦ ਕਰ ਚੁੱਕੇ ਹਨ। ਮਸਕ ਨੇ ਇਹ ਵੀ ਕਿਹਾ ਹੈ ਕਿ ਉਹ 2026 ਦੀਆਂ ਮੱਧਕਾਲੀ ਚੋਣਾਂ ’ਚ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਅਤੇ ਫੰਡਿੰਗ ਕਰਨਗੇ। ਇਸ ਰਾਹੀਂ ਉਨ੍ਹਾਂ ਸੰਕੇਤ ਦਿੱਤਾ ਕਿ ਉਹ ਟਕਰਾਅ ਨਹੀਂ ਸਗੋਂ ਦੋਸਤੀ ਦਾ ਰਸਤਾ ਚੁਣ ਰਹੇ ਹਨ। ਮਸਕ ਦੀ ਮਈ ’ਚ ਵਾਸ਼ਿੰਗਟਨ ਛੱਡਣ ਸਮੇਂ ਤਸਵੀਰ ਅੱਜ ਨਾਲੋਂ ਬਿਲਕੁਲ ਵੱਖਰੀ ਸੀ। ਉਸ ਸਮੇਂ ਮਸਕ ਟਰੰਪ ਪ੍ਰਸ਼ਾਸਨ ਦੇ ‘ਬਿਗ ਬਿਊਟੀਫੁਲ ਬਿੱਲ’ ਅਤੇ ਆਪਣੇ ਨਜ਼ਦੀਕੀ ਸਹਿਯੋਗੀ ਜੈਰੇਡ ਆਈਜੈਕਮੈਨ ਨੂੰ ਨਾਸਾ ਮੁਖੀ ਨਾ ਬਣਾਏ ਜਾਣ ਤੋਂ ਨਾਰਾਜ਼ ਸਨ। ਮਸਕ ਨੇ ਦਾਅਵਾ ਕੀਤਾ ਸੀ ਕਿ ਟਰੰਪ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧਤ ਗੁਪਤ ਦਸਤਾਵੇਜ਼ ਇਸ ਲਈ ਜਾਰੀ ਨਹੀਂ ਕਰ ਰਹੇ ਹਨ ਕਿਉਂਕਿ ਉਨ੍ਹਾਂ ’ਚ ਉਸ ਦਾ ਵੀ ਨਾਂ ਹੈ। ਮਸਕ ਨੇ ਜਨਤਕ ਤੌਰ ’ਤੇ ਤੀਜੀ ਪਾਰਟੀ ਬਣਾਉਣ ਅਤੇ ਰਿਪਬਲਿਕਨ ਪਾਰਟੀ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਸੀ।
 


author

Inder Prajapati

Content Editor

Related News