ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਸੈਨੇਟ ''ਚ ਅੱਜ ਸ਼ੁਰੂ ਹੋਵੇਗਾ ਟ੍ਰਾਇਲ
Tuesday, Feb 09, 2021 - 05:55 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿਚ ਅੱਜ ਭਾਵ ਮੰਗਲਵਾਰ ਤੋਂ ਮਹਾਦੋਸ਼ ਚਲਾਉਣ ਲਈ ਟ੍ਰਾਇਲ ਸ਼ੁਰੂ ਹੋਵੇਗਾ। ਕਾਰਵਾਈ ਭਾਰਤੀ ਸਮੇਂ ਮੁਤਾਬਕ ਦੇਰ ਰਾਤ 11:30 ਵਜੇ ਤੋਂ ਸ਼ੁਰੂ ਹੋ ਜਾਵੇਗੀ। ਅਮਰੀਕੀ ਲੋਕਤੰਤਰ ਦੇ 231 ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਰਾਸ਼ਟਰਪਤੀ ਨੂੰ ਦੂਜੀ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਟਰੰਪ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ।
ਦੋ ਤਿਹਾਈ ਵੋਟਾਂ ਦੀ ਲੋੜ
ਮਹਾਦੋਸ਼ ਦੀ ਸੁਣਵਾਈ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਸੈਨੇਟ ਵਿਚ ਦੋ ਤਿਹਾਈ ਵੋਟਾਂ ਦੀ ਲੋੜ ਹੋਵੇਗੀ। ਵਰਤਮਾਨ ਵਿਚ 100 ਸੀਟਾਂ ਵਾਲੀ ਸੈਨੇਟ ਵਿਚ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਦਲਾਂ ਦੇ 50-50 ਮੈਂਬਰ ਹਨ। ਦੋ ਤਿਹਾਈ ਬਹੁਮਤ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਰੀਪਬਲਿਕਨ ਪਾਰਟੀ ਦੇ ਘੱਟੋ-ਘੱਟ 17 ਸਾਂਸਦਾਂ ਦੇ ਸਮਰਥਨ ਦੀ ਲੋੜ ਹੋਵੇਗੀ।
7 ਜਨਵਰੀ ਨੂੰ ਕੈਪੀਟਲ ਹਿਲ ਵਿਚ ਹੋਈ ਸੀ ਹਿੰਸਾ
ਅਮਰੀਕਾ ਵਿਚ ਵੋਟਿੰਗ (3 ਨਵੰਬਰ) ਦੇ 64 ਦਿਨ ਬਾਅਦ ਸੰਸਦ ਵੱਲੋਂ ਜੋਅ ਬਾਈਡੇਨ ਦੀ ਜਿੱਤ 'ਤੇ ਮੁਹਰ ਲਗਾਉਣ ਵਾਲੇ ਦਿਨ ਅਮਰੀਕੀ ਲੋਕਤੰਤਰ ਸ਼ਰਮਿੰਦਾ ਹੋ ਗਿਆ। ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿਲ 'ਤੇ ਹਮਲਾ ਕਰਦਿਆਂ ਕਾਫੀ ਭੰਨ-ਤੋੜ ਅਤੇ ਹਿੰਸਾ ਕੀਤੀ। ਕੈਪੀਟਲ ਹਿਲ ਬਿਲਡਿੰਗ ਵਿਚ ਅਮਰੀਕੀ ਸੰਸਦ ਦੇ ਦੋਵੇਂ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਅਤੇ ਸੈਨੇਟ ਹਨ। ਟਰੰਪ ਸਮਰਥਕਾਂ ਦੇ ਹੰਗਾਮੇ ਕਾਰਨ ਕੁਝ ਸਮੇਂ ਤੱਕ ਕਾਰਵਾਈ ਰੋਕਣੀ ਪਈ ਸੀ। ਇਸ ਦੌਰਾਨ ਹਿੰਸਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
206 ਸਾਲ ਬਾਅਦ ਹੋਇਆ ਅਜਿਹਾ
ਯੂ.ਐੱਸ. ਕੈਪੀਟਲ ਇਤਿਹਾਸਕ ਸੁਸਾਇਟੀ ਦੇ ਡਾਇਰੈਕਟਰ ਸੈਮੁਅਲ ਹੌਲੀਡੇ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ 24 ਅਗਸਤ, 1814 ਨੂੰ ਬ੍ਰਿਟੇਨ ਨੇ ਅਮਰੀਕਾ 'ਤੇ ਹਮਲਾ ਕਰ ਦਿੱਤਾ ਸੀ। ਅਮਰੀਕੀ ਸੈਨਾ ਦੀ ਹਾਰ ਮਗਰੋਂ ਬ੍ਰਿਟਿਸ਼ ਸੈਨਿਕਾਂ ਨੇ ਯੂ.ਐੱਸ. ਕੈਪੀਟਲ ਵਿਚ ਅੱਗ ਲਗਾ ਦਿੱਤੀ ਸੀ। ਉਦੋਂ ਤੋਂ ਹੁਣ ਤੱਕ ਬੀਤੇ 206 ਸਾਲ ਵਿਚ ਅਮਰੀਕੀ ਸੰਸਦ 'ਤੇ ਅਜਿਹਾ ਹਮਲਾ ਨਹੀਂ ਹੋਇਆ ਸੀ।
ਜਾਣੋ ਕਦੋਂ ਤੱਕ ਚੱਲੇਗਾ ਮਹਾਦੋਸ਼
ਕਾਨੂੰਨਵਿਦਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਟ੍ਰਾਇਲ ਟਰੰਪ ਦੇ ਪਿਛਲੇ ਸਾਲ ਦੀ ਤੁਲਨਾ ਵਿਚ ਘੱਟ ਸਮੇਂ ਦਾ ਹੋਵੇਗਾ, ਜੋ ਲੱਗਭਗ 3 ਹਫਤੇ ਤੱਕ ਚੱਲਿਆ ਸੀ। ਸੈਨੇਟਰਾਂ ਨੂੰ ਮਾਮਲੇ ਦੇ ਬਾਰੇ ਵਿਚ ਕਈ ਚੀਜ਼ਾਂ ਪਹਿਲਾਂ ਤੋਂ ਪਤਾ ਹਨ ਜੋ ਇਸ ਵਿਦਰੋਹ ਦੌਰਾਨ ਕੈਪੀਟਲ ਹਿਲ ਵਿਚ ਹੋਈਆਂ ਸਨ। ਇਸ ਦੇ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।ਇਸ ਨਾਲ ਟ੍ਰਾਇਲ ਤੇਜ਼ੀ ਨਾਲ ਹੋ ਸਕੇਗਾ।
ਪਿਛਲੇ ਸਾਲ ਵੀ ਲਿਆਂਦਾ ਗਿਆ ਸੀ ਮਹਾਦੋਸ਼ ਪ੍ਰਸਤਾਵ
ਟਰੰਪ ਖ਼ਿਲਾਫ਼ ਪਿਛਲੇ ਸਾਲ ਵੀ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ। ਸੰਸਦ ਦਾ ਹੇਠਲਾ ਸਦਨ ਹਾਊਸ ਆਫ ਰੀਪ੍ਰੀਜੇਂਟੇਟਿਵ (ਐੱਚ.ਓ.ਆਰ.) ਵਿਚ ਡੈਮੋਕ੍ਰੈਟਸ ਦੇ ਬਹੁਮਤ ਕਾਰਨ ਇਹ ਪਾਸ ਹੋ ਗਿਆ ਸੀ ਪਰ ਸੈਨੇਟ ਵਿਚ ਰੀਪਬਲਿਕਨ ਦੀ ਬਹੁਗਿਣਤੀ ਕਾਰਨ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਟਰੰਪ 'ਤੇ ਦੋਸ਼ ਸੀ ਕਿ ਉਹਨਾਂ ਨੇ ਬਾਈਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ ਲਈ ਯੂਕਰੇਨ 'ਤੇ ਦਬਾਅ ਪਾਇਆ ਸੀ। ਨਿੱਜੀ ਅਤੇ ਸਿਆਸੀ ਫਾਇਦੇ ਲਈ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਪੱਖ ਵਿਚ ਯੂਕਰੇਨ ਤੋਂ ਮਦਦ ਮੰਗੀ ਸੀ।
ਅਮਰੀਕਾ ਵਿਚ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੇ ਮਾਮਲੇ
- 1868 ਵਿਚ ਅਮਰੀਕੀ ਰਾਸ਼ਟਰਪਤੀ ਐਂਡਰਿਊ ਜਾਨਸਨ ਖ਼ਿਲਾਫ਼ ਅਪਰਾਧ ਅਤੇ ਦੁਰਵਿਵਹਾਰ ਦੇ ਦੋਸ਼ਾਂ 'ਤੇ ਹਾਊਸ ਆਫ ਰੀਪ੍ਰੀਜੇਟੇਂਟਿਵ ਵਿਚ ਮਹਾਦੋਸ਼ ਪ੍ਰਸਤਾਵ ਪਾਸ ਹੋਇਆ। ਉਹਨਾਂ ਖ਼ਿਲਾਫ਼ ਸੰਸਦ ਵਿਚ ਦੋਸ਼ਾਂ ਦੇ 11 ਆਰਟੀਕਲ ਪੇਸ਼ ਕੀਤੇ ਗਏ। ਭਾਵੇਂਕਿ ਸੈਨੇਟ ਵਿਚ ਵੋਟਿੰਗ ਦੌਰਾਨ ਜਾਨਸਨ ਦੇ ਪੱਖ ਵਿਚ ਵੋਟਿੰਗ ਹੋਈ ਅਤੇ ਉਹ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਚ ਗਏ।
- 1998 ਵਿਚ ਬਿਲ ਕਲਿੰਟਨ ਦੇ ਖ਼ਿਲਾਫ਼ ਵੀ ਮਹਾਦੋਸ਼ ਲਿਆਂਦਾ ਗਿਆ ਸੀ। ਉਹਨਾਂ 'ਤੇ ਵ੍ਹਾਈਟ ਹਾਊਸ ਵਿਚ ਇੰਟਰਨ ਰਹੀ ਮੋਨਿਕਾ ਲੇਵੇਂਸਕੀ ਨੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਉਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਹਾਊਸ਼ ਆਫ ਰੀਪ੍ਰੀਜੇਟੇਂਟਿਵ ਵਿਚ ਮਨਜ਼ੂਰੀ ਮਿਲ ਗਈ ਸੀ ਪਰ ਸੈਨੇਟ ਵਿਚ ਬਹੁਮਤ ਨਹੀਂ ਮਿਲ ਪਾਇਆ ਸੀ।
- ਵਾਟਰਗੇਟ ਸਕੈਂਡਲ ਵਿਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ (1969-74) ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਹੋਣ ਵਾਲੀ ਸੀ ਪਰ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਉਹਨਾਂ 'ਤੇ ਆਪਣੇ ਇਕ ਵਿਰੋਧੀ ਦੀ ਜਾਸੂਸੀ ਕਰਨ ਦਾ ਦੋ ਲੱਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।