ਕੈਪੀਟਲ ਹਿਲ ਹਿੰਸਾ : ਟਰੰਪ ਨੂੰ ਮਿਲੀ ਰਾਹਤ, ਸੈਨੇਟ ਨੇ ਮਹਾਦੋਸ਼ ਤੋਂ ਕੀਤਾ ਬਰੀ

Sunday, Feb 14, 2021 - 05:57 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਸੈਨੇਟ ਨੇ ਕੈਪੀਟਲ (ਸੰਸਦ ਭਵਨ) ਵਿਚ 6 ਜਨਵਰੀ ਨੂੰ ਹੋਈ ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਨੀਵਾਰ ਨੂੰ ਬਰੀ ਕਰ ਦਿੱਤਾ। ਟਰੰਪ ਖ਼ਿਲਾਫ਼ ਚਾਰ ਦਿਨ ਦੀ ਸੁਣਵਾਈ ਮਗਰੋਂ 100 ਮੈਂਬਰੀ ਸੈਨੇਟ ਨੇ ਮਹਾਦੋਸ਼ ਦੇ ਪੱਖ ਵਿਚ 57 ਵੋਟ ਅਤੇ ਇਸ ਦੇ ਵਿਰੋਧ ਵਿਚ 43 ਵੋਟ ਦਿੱਤੇ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ 10 ਹੋਰ ਵੋਟਾਂ ਦੀ ਲੋੜ ਸੀ। 

ਟਰੰਪ 'ਤੇ ਦੋਸ਼ ਸੀ ਕਿ ਅਮਰੀਕੀ ਕੈਪੀਟਲ ਵਿਚ 6 ਜਨਵਰੀ ਨੂੰ ਉਹਨਾਂ ਦੇ ਸਮਰਥਕਾਂ ਨੇ ਜਿਹੜੀ ਹਿੰਸਾ ਕੀਤੀ ਸੀ, ਉਸ ਨੂੰ ਉਹਨਾਂ ਨੇ ਭੜਕਾਇਆ ਸੀ। ਰੀਪਬਲਿਕਨ ਪਾਰਟੀ ਦੇ 7 ਸੈਨੇਟਰਾਂ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਸਮਰਥਨ ਵਿਚ ਵੋਟਿੰਗ ਕੀਤੀ ਪਰ ਡੈਮੋਕ੍ਰੈਟਿਕ ਪਾਰਟੀ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ 67 ਵੋਟ ਹਾਸਲ ਨਹੀਂ ਕਰ ਪਾਈ। ਸੈਨੇਟ ਵਿਚ ਡੈਮੋਕ੍ਰੈਟਿਕ ਪਾਰਟੀ ਦੇ 50 ਮੈਂਬਰ ਹਨ। ਟਰੰਪ ਅਮਰੀਕੀ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਖ਼ਿਲਾਫ਼ ਦੋ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਨੇ ਦਫਤਰ ਛੱਡਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕੀਤਾ ਹੈ। 

PunjabKesari

ਰੀਪਬਲਿਕਨ ਪਾਰਟੀ ਦੇ ਬਿਲ ਕੈਸਿਡੀ, ਰਿਚਰਡ ਬਰ,ਮਿਟ ਰੋਮਨੀ ਅਤੇ ਸੁਸਾਨ ਕੋਲਿਨਸ ਸਮੇਤ 7 ਸੈਨਟਰਾਂ ਨੇ ਮਹਾਦੋਸ਼ ਦੇ ਪੱਖ ਵਿਚ ਵੋਟਿੰਗ ਕੀਤੀ।ਟਰੰਪ ਨੇ ਉਹਨਾਂ ਨੂੰ ਬਰੀ ਕੀਤੇ ਜਾਣ ਦੇ ਬਾਅਦ ਇਕ ਬਿਆਨ ਜਾਰੀ ਕਰ ਕੇ ਕਿਹਾ,''ਕਿਸੇ ਵੀ ਰਾਸ਼ਟਰਪਤੀ ਨੂੰ ਪਹਿਲਾਂ ਕਦੇ ਇਹ ਨਹੀਂ ਝੱਲਣਾ ਪਿਆ।'' ਉਹਨਾਂ ਨੇ ਕਿਹਾ,''ਇਹ ਬਹੁਤ ਦੁਖਦਾਈ ਹੈ ਕਿ ਇਕ ਰਾਜਨੀਤਕ ਦਲ ਨੂੰ ਕਾਨੂੰਨ ਦੇ ਸ਼ਾਸਨ ਨੂੰ ਖਰਾਬ ਕਰਨ, ਕਾਨੂੰਨ ਲਾਗੂ ਕਰਨ ਵਾਲਿਆਂ ਦਾ ਅਪਮਾਨ ਕਰਨ, ਭੀੜ ਨੂੰ ਵਧਾਵਾ ਦੇਣ, ਦੰਗਾਈਆਂ ਨੂੰ ਮੁਆਫ ਕਰਨ ਅਤੇ ਨਿਆਂ ਨੂੰ ਰਾਜਨੀਤਕ ਬਦਲੇ ਦੇ ਮਾਧਿਅਮ ਦੇ ਰੂਪ ਵਿਚ ਬਦਲਣ ਦੀ ਖੁੱਲ੍ਹੀ ਛੋਟ ਦਿੱਤੀ ਗਈ। ਉਸ ਨੂੰ ਉਹਨਾਂ ਸਾਰੇ ਵਿਚਾਰਾਂ ਅਤੇ ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਉਣ, ਉਹਨਾਂ ਨੂੰ ਕਾਲੀ ਸੂਚੀ ਵਿਚ ਪਾਉਣ, ਰੱਦ ਕਰਨ ਜਾਂ ਦਬਾਉਣ ਦੀ ਇਜਾਜ਼ਤ ਦਿੱਤੀ ਗਈ, ਜਿਹਨਾਂ ਨਾਲ ਉਹ ਅਸਹਿਮਤ ਹਨ।'' 

ਟਰੰਪ ਨੇ ਕਿਹਾ,''ਮੈਂ ਹਮੇਸ਼ਾ ਕਾਨੂੰਨ ਲਾਗੂ ਕਰਨ, ਕਾਨੂੰਨ ਲਾਗੂ ਕਰਨ ਵਾਲੇ ਹੀਰੋ ਅਤੇ ਬਿਨਾਂ ਕਿਸੇ ਦੁਰਭਾਵਨਾ ਦੇ ਮਾਮਲਿਆਂ 'ਤੇ ਸ਼ਾਂਤੀਪੂਰਨ ਅਤੇ ਸਨਮਾਨਜਨਕ ਢੰਗ ਨਾਲ ਬਹਿਸ ਕਰਨ ਦੇ ਅਮਰੀਕੀ ਲੋਕਾਂ ਦੇ ਅਧਿਕਾਰਾਂ ਦਾ ਸਮਰਥਕ ਰਿਹਾ ਹਾਂ ਅਤੇ ਰਹਾਂਗਾ।'' ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਮਹਾਦੋਸ਼ ਸੰਬੰਧੀ ਨਤੀਜੇ ਇਸ ਗੱਲ ਨੂੰ ਰੇਖਾਂਕਿਤ ਕਰਦੇ ਹਨ ਕਿ ਪਾਰਟੀ 'ਤੇ ਟਰੰਪ ਦੀ ਪਕੜ ਹਾਲੇ ਵੀ ਬਣੀ ਹੋਈ ਹੈ।

ਨੋਟ- ਟਰੰਪ ਦੇ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋਣ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News