ਟਰੰਪ ਦੀ ਵੱਡੀ ਭੈਣ ਨੇ ਲਗਾਇਆ ਦੋਸ਼- ਮੇਰੇ ਭਰਾ ਦਾ ਕੋਈ ਸਿਧਾਂਤ ਨਹੀਂ, ਹਮੇਸ਼ਾ ਝੂਠ ਬੋਲਿਆ

08/23/2020 6:23:00 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਨੇ ਉਹਨਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਅਸਲ ਵਿਚ ਟਰੰਪ ਦੀ ਭੈਣ ਮੈਰੀਨ ਨੂੰ ਇਕ ਗੁਪਤ ਢੰਗ ਨਾਲ ਰਿਕਾਰਡ ਕੀਤੇ ਗਏ ਆਡੀਓ ਵਿਚ ਆਪਣੇ ਭਰਾ ਦੀ ਤਿੱਖੀ ਆਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇਕ ਰਿਕਾਡਿੰਗ ਵਿਚ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਕੋਈ ਸਿਧਾਂਤ ਨਹੀਂ ਹੈ। ਤੁਸੀਂ ਟਰੰਪ 'ਤੇ ਭਰੋਸਾ ਨਹੀਂ ਕਰ ਸਕਦੇ ਅਤੇ ਉਹਨਾਂ ਨੇ ਆਪਣੇ ਪੂਰੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਝੂਠ ਬੋਲਿਆ ਹੈ। ਇਸ ਆਡੀਓ ਰਿਕਾਡਿੰਗ ਦੇ ਸਾਹਮਣੇ ਆਉਣ ਦੇ ਬਾਅਦ ਚੋਣਾਂ ਵਿਚ ਟਰੰਪ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਮੈਰੀਨ ਟਰੰਪ ਬੈਰੀ ਦੀਆਂ ਇਹਨਾਂ ਗੱਲਾਂ ਨੂੰ ਉਹਨਾਂ ਦੀ ਜਾਣਕਾਰੀ ਦੇ ਬਿਨਾਂ ਉਹਨਾਂ ਦੀ ਭਤੀਜੀ ਮੈਰੀ ਟਰੰਪ ਨੇ ਰਿਕਾਰਡ ਕਰ ਲਿਆ ਸੀ। ਮੈਰੀ ਟਰੰਪ ਦੀ ਹਾਲ ਹੀ ਵਿਚ ''To Much and Never Enough: How My Family Created the World's Most Dangerous Man” ਨਾਮ ਦੀ ਕਿਤਾਬ ਆਈ ਸੀ। ਮੈਰੀ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹਨਾਂ ਨੇ ਇਹ ਰਿਕਾਡਿੰਗ 2018 ਅਤੇ 2019 ਵਿਚ ਕੀਤੀ ਸੀ। ਇਕ ਰਿਕਾਡਿੰਗ ਵਿਚ 83 ਸਾਲਾ ਮੈਰੀਨ ਟਰੰਪ ਬੈਰੀ ਕਹਿੰਦੀ ਹੈ ਕਿ ਉਹਨਾਂ ਨੇ 2018 ਵਿਚ ਆਪਣੇ ਭਰਾ ਦਾ ਫੌਕਸ ਨਿਊਜ਼ ਨੂੰ ਦਿੱਤਾ ਗਿਆ ਇੰਟਰਵਿਊ ਸੁਣਿਆ, ਜਿਸ ਵਿਚ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਉਹ ਉਹਨਾਂ (ਬੈਰੀ ਨੂੰ) ਮਾਤਾ-ਪਿਤਾ ਤੋਂ ਵਿਛੜ ਚੁੱਕੇ ਗੈਰ ਪ੍ਰਵਾਸੀ ਬੱਚਿਆਂ ਦੇ ਮਾਮਲੇ ਦੀ ਸੁਣਵਾਈ ਕਰਨ ਲਈ ਸਰੱਹਦ ਨੇੜੇ ਤਾਇਨਾਤ ਕਰਨਗੇ।'' ਬੈਰੀ ਨੇ ਕਿਹਾ,''ਜੇਕਰ ਤੁਸੀਂ ਇਕ ਧਾਰਮਿਕ ਵਿਅਕਤੀ ਹੁੰਦੇ ਅਤੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਤਾਂ ਤੁਸੀਂ ਇਹ ਨਹੀਂ ਕਰਦੇ।'' 

ਪੜ੍ਹੋ ਇਹ ਅਹਿਮ ਖਬਰ-  ਟਰੰਪ ਨੂੰ ਇਸ ਪੋਰਟ ਸਟਾਰ ਨੂੰ ਦੇਣੇ ਪੈਣਗੇ 33 ਲੱਖ ਰੁਪਏ

ਇਕ ਰਿਕਾਡਿੰਗ ਵਿਚ ਉਹਨਾਂ ਨੇ ਕਿਹਾ,''ਉਸ ਦੇ ਅਜੀਬ ਟਵੀਟ ਤੇ ਝੂਠ, ਹੇ ਭਗਵਾਨ।” ਉਹਨਾਂ ਨੇ ਕਿਹਾ,''ਮੈਂ ਬਿਨਾਂ ਕਿਸੇ ਦਬਾਅ ਦੇ ਬੋਲ ਰਹੀ ਹਾਂ ਪਰ ਉਸ ਦੀਆਂ ਬਣਾਈਆਂ ਹੋਈਆਂ ਕਹਾਣੀਆਂ, ਬਿਨਾਂ ਤਿਆਰੀ ਦੇ ਕੁਝ ਵੀ ਬੋਲਣਾ, ਝੂਠ ਹੈ''। ਮੈਰੀ ਨੇ ਧੋਖੇਬਾਜ਼ੀ ਲਈ ਟਰੰਪ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਪ੍ਰਵਾਸੀਆਂ ਸਬੰਧੀ ਉਹਨਾਂ ਦੀਆਂ ਨੀਤੀਆਂ ਬੇਰਹਿਮੀ ਭਰਪੂਰ ਹਨ। ਇਸ ਨਾਲ ਹਜ਼ਾਰਾਂ ਬੱਚੇ ਪਰਿਵਾਰ ਤੋਂ ਵਿਛੜ ਗਏ ਅਤੇ ਉਹਨਾਂ ਨੂੰ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ,''ਟਰੰਪ ਬੇਰਹਿਮ ਹਨ।'' ਟਰੰਪ ਦੀ ਭੈਣ ਦੀ ਇਸ ਗੁਪਤ ਆਡੀਓ ਨੂੰ ਵਾਸ਼ਿੰਗਟਨ ਪੋਸਟ ਅਖਬਾਰ ਨੇ ਜਾਰੀ ਕੀਤਾ ਹੈ। ਟਰੰਪ ਦੀ ਵੱਡੀ ਭੈਣ ਨੇ ਆਪਣੇ ਭਰਾ ਦੀ ਸਮਝਦਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ।

ਬੈਰੀ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਭਰਾ ਨੇ ਗੈਰ ਪ੍ਰਵਾਸੀ ਮਾਮਲਿਆਂ 'ਤੇ ਕਦੇ ਉਹਨਾਂ ਦੇ ਵਿਚਾਰ ਜਾਨਣ ਜਾਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਰੀ ਟਰੰਪ ਨੇ ਆਪਣੀ ਭੂਆ ਨੂੰ ਪੁੱਛਿਆ,''ਉਹਨਾਂ ਨੇ ਕੀ ਪੜ੍ਹਿਆ ਹੈ?” ਬੈਰੀ ਨੇ ਜਵਾਬ ਦਿੱਤਾ,''ਨਹੀਂ, ਉਹ ਨਹੀਂ ਪੜ੍ਹਦੇ ਹਨ।'' ਇਹ ਰਿਕਾਡਿੰਗ ਟਰੰਪ ਦੇ ਮਹਰੂਮ ਭਰਾ ਰੌਬਰਟ ਟਰੰਪ ਦੀ ਸ਼ਰਧਾਂਜਲੀ ਸਭਾ ਦੇ ਇਕ ਦਿਨ ਬਾਅਦ ਸਾਹਮਣੇ ਆਈ। ਟਰੰਪ ਨੇ ਇਕ ਬਿਆਨ ਵਿਚ ਕਿਹਾ ਸੀ,''ਹਰੇਕ ਦਿਨ ਕੁਝ ਨਾ ਕੁਝ ਹੁੰਦਾ ਹੀ ਹੈ। ਮੈਂ ਆਪਣੇ ਭਰਾ ਨੂੰ ਯਾਦ ਕਰਦਾ ਹਾਂ ਅਤੇ ਮੈਂ ਅਮਰੀਕੀ ਲੋਕਾਂ ਨੂੰ ਲੈ ਕੇ ਕੰਮ ਕਰਨਾ ਜਾਰੀ ਰੱਖਾਂਗਾ।'' ਉਹਨਾਂ ਨੇ ਕਿਹਾ,''ਸਾਰੇ ਸਹਿਮਤ ਨਹੀਂ ਹੋਣਗੇ ਪਰ ਨਤੀਜੇ ਸਪੱਸ਼ਟ ਹਨ। ਸਾਡਾ ਦੇਸ਼ ਜਲਦੀ ਹੀ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਜਾਵੇਗਾ।'' ਸ਼ਨੀਵਾਰ  ਨੂੰ ਮੈਰੀ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਚੋਰੀ ਨਾਲ ਬੈਰੀ ਦੇ ਨਾਲ 15 ਘੰਟੇ ਦੀ ਆਹਮੋ-ਸਾਹਮਣੇ ਦੀ ਗੱਲਬਾਤ ਰਿਕਾਰਡ ਕਰ ਲਈ ਸੀ। ਭਾਵੇਂਕਿ ਉਹਨਾਂ ਤੋਂ ਇਹਨਾਂ ਰਿਕਾਡਿੰਗ ਦੇ ਸਰੋਤਾਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ ਕਿਉਂਕਿ ਉਹਨਾਂ ਦੀ ਕਿਤਾਬ ਵਿਚ ਇਹਨਾਂ ਰਿਕਾਡਿੰਗਾਂ ਦਾ ਕੋਈ ਜ਼ਿਕਰ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 200 ਤੋਂ ਵਧੇਰੇ ਨਵੇਂ ਮਾਮਲੇ ਤੇ 17 ਮੌਤਾਂ


Vandana

Content Editor

Related News