ਅਮਰੀਕਾ ''ਚ ਹਿੰਸਾ ਜਾਰੀ, 17 ਹਜ਼ਾਰ ਨੈਸ਼ਨਲ ਗਾਰਡ ਕੀਤੇ ਗਏ ਤਾਇਨਾਤ
Wednesday, Jun 03, 2020 - 06:34 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੈਰ ਗੋਰੇ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹਨਾਂ ਹਿੰਸਕ ਪ੍ਰਦਰਸ਼ਨਾਂ ਨੂੰ ਘਰੇਲੂ ਅੱਤਵਾਦ ਦਾ ਨਾਮ ਦਿੱਤਾ ਹੈ। ਸਥਿਤੀ 'ਤੇ ਕੰਟਰੋਲ ਲਈ ਟਰੰਪ ਨੇ ਬੀਤੇ ਦਿਨ ਅਮਰੀਕਾ ਦੀਆਂ ਸੜਕਾਂ 'ਤੇ ਫੌਜ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ।ਇਸ ਦੌਰਾਨ ਅਮਰੀਕਾ ਦੇ 23 ਰਾਜਾਂ ਵਿਚ 17 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ। ਨੈਸ਼ਨਲ ਗਾਰਡਾਂ ਨੂੰ ਹਿੰਸਾ ਰੋਕਣ ਦੇ ਨਾਲ-ਨਾਲ ਰਾਜਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਫਲਾਈਡ ਦੀ ਮੌਤ ਦੇ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦੀ ਅੱਗ ਅਮਰੀਕਾ ਦੇ 140 ਸ਼ਹਿਰਾਂ ਤੱਕ ਪਹੁੰਚ ਗਈ ਹੈ। ਇਸ ਸਥਿਤੀ ਨੂੰ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਖਰਾਬ ਨਾਗਰਿਕ ਅਸ਼ਾਂਤੀ ਮੰਨਿਆ ਜਾ ਰਿਹਾ ਹੈ।ਉੱਧਰ ਟਰੰਪ ਦਾ ਕਹਿਣਾ ਹੈ,''ਮੈਂ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲਾ ਰਾਸ਼ਟਰਪਤੀ ਹਾਂ। ਹਿੰਸਾ, ਲੁੱਟ-ਖੋਹ, ਬੇਰਹਿਮੀ, ਹਮਲੇ ਅਤੇ ਅਪਮਾਨ ਨੂੰ ਰੋਕਣ ਦੇ ਲਈ ਹਜ਼ਾਰਾਂ ਹਥਿਆਰਬੰਦ ਫੌਜੀਆਂ ਨੂੰ ਭੇਜ ਰਿਹਾ ਹਾਂ। ਮਿਲਟਰੀ ਕਰਮੀ ਉਹਨਾਂ ਲੋਕਾਂ 'ਤੇ ਕਾਰਵਾਈ ਕਰਨਗੇ ਜੋ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਹਨ।''
ਪੜ੍ਹੋ ਇਹ ਅਹਿਮ ਖਬਰ- 3 ਬ੍ਰਿਟਿਸ਼ ਨੌਜਵਾਨਾਂ ਨੇ ਫਲਾਈਡ ਦੀ ਮੌਤ ਦਾ ਉਡਾਇਆ ਮਜ਼ਾਕ, ਗ੍ਰਿਫਤਾਰ
ਇਸ ਵਿਚ ਅਰਕਾਨਸਾਸ ਰੀਪਬਲਿਕਨ ਸੈਨੇਟਰ ਟੌਮ ਕਾਟਨ ਨੇ ਵੀ ਹਿੰਸਾ ਦੀ ਤੁਲਨਾ ਘਰੇਲੂ ਅੱਤਵਾਦ ਨਾਲ ਕੀਤੀ ਹੈ। ਗੌਰਤਲਬ ਹੈ ਕਿ ਅਮਰੀਕਾ ਵਿਚ ਹਿੰਸਾ ਨੂੰ ਰੋਕਣ ਲਈ 23 ਰਾਜ਼ਾਂ ਵਿਚ 17 ਹਜ਼ਾਰ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਗਈ ਹੈ। ਸੋਮਵਾਰ ਤੋਂ ਨੈਸ਼ਨਲ ਗਾਰਡ ਅਮਰੀਕਾ ਦੀਆਂ ਸੜਕਾਂ 'ਤੇ ਉਤਰ ਆਏ ਹਨ ਅਤੇ ਰਾਜਾਂ ਵਿਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਕੋਰੋਨਾ ਸੰਕਟ ਦੇ ਕਾਰਨ ਸਾਰੇ 50 ਰਾਜਾਂ ਵਿਚ 45 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਸੀ।