'ਬੀਮਾਰ ਨਾ ਹੋਣ ਲੋਕ', ਜਾਣੋ ਸ਼੍ਰੀਲੰਕਾ ਦੇ ਡਾਕਟਰਾਂ ਨੇ ਕਿਉਂ ਦਿੱਤੀ ਇਹ ਅਨੋਖੀ ਸਲਾਹ
Thursday, Jul 14, 2022 - 03:22 PM (IST)
ਕੋਲੰਬੋ (ਏਜੰਸੀ) : ਸ਼੍ਰੀਲੰਕਾ ਵਿਚ ਡਾਕਟਰ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਦੇਸ਼ ਵਿਚ ਆਰਥਿਕ ਸੰਕਟ ਕਾਰਨ ਦਵਾਈਆਂ ਅਤੇ ਸਬੰਧਤ ਹੋਰ ਅਹਿਮ ਸਪਲਾਈ ਦੀ ਕਮੀ ਹੈ, ਇਸ ਲਈ ਉਹ ਬੀਮਾਰ ਹੋਣ ਤੋਂ ਬਚਣ ਅਤੇ ਹਾਦਸਿਆਂ ਦੇ ਸ਼ਿਕਾਰ ਨਾ ਹੋਣ। ਦੱਖਣੀ ਏਸ਼ੀਆਈ ਆਈਲੈਂਡ ਵਾਲੇ ਰਾਸ਼ਟਰ ਕੋਲ ਤੇਲ ਅਤੇ ਅਨਾਜ ਵਰਗੀਆਂ ਬੁਨੀਆਦੀ ਚੀਜ਼ਾਂ ਦਾ ਆਯਾਤ ਕਰਨ ਲਈ ਪੈਸੇ ਦੀ ਕਮੀ ਹੈ ਅਤੇ ਦਵਾਈਆਂ ਵੀ ਖ਼ਤਮ ਹੋ ਰਹੀਆਂ ਹਨ। ਕੁੱਝ ਡਾਕਟਰਾਂ ਨੇ ਸਪਲਾਈ ਲਈ ਦਾਨ ਜਾਂ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਪੈਸੇ ਪ੍ਰਾਪਤ ਕਰਨ ਦੀ ਕੋਸ਼ਿਸ਼ ਤਹਿਤ ਸੋਸ਼ਲ ਮੀਡੀਆ ਦਾ ਰੁਖ ਕੀਤਾ ਹੈ। ਉਹ ਵਿਦੇਸ਼ਾਂ ਵਿਚ ਰਹਿ ਰਹੇ ਸ਼੍ਰੀਲੰਕਾਈ ਲੋਕਾਂ ਤੋਂ ਵੀ ਮਦਦ ਦੀ ਗੁਹਾਰ ਲਗਾ ਰਹੇ ਹਨ। ਦੇਸ਼ ਵਿਚ ਜਾਰੀ ਆਰਥਿਕ ਸੰਕਟ ਅਤੇ ਸਿਆਸੀ ਅਸਥਿਰਤਾ ਦੇ ਖ਼ਤਮ ਹੋਣ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਹੈ।
ਇਹ ਵੀ ਪੜ੍ਹੋ: ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ
15 ਸਾਲਾ ਹਸੀਨੀ ਵਾਸਨਾ ਨੂੰ ਆਪਣੀ ਟਰਾਂਸਪਲਾਂਟ ਕੀਤੀ ਕਿਡਨੀ ਦੀ ਸੁਰੱਖਿਆ ਲਈ ਲੋੜੀਂਦੀ ਦਵਾਈ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। 9 ਮਹੀਨੇ ਪਹਿਲਾਂ ਉਸ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ। ਹਸੀਨੀ ਦੀ ਵੱਡੀ ਭੈਣ ਇਸ਼ਾਰਾ ਥਿਲੀਨੀ ਨੇ ਕਿਹਾ, 'ਸਾਨੂੰ (ਹਸਪਤਾਲ ਵੱਲੋਂ) ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਸਬੰਧਤ ਦਵਾਈ ਦੁਬਾਰਾ ਕਦੋਂ ਮਿਲੇਗੀ।' ਕੈਂਸਰ ਹਸਪਤਾਲ ਵੀ ਨਿਰਵਿਘਨ ਇਲਾਜ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਵਾਈਆਂ ਦਾ ਭੰਡਾਰ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਸ਼੍ਰੀਲੰਕਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸਮਥ ਧਰਮਰਤਨੇ ਨੇ ਕਿਹਾ, 'ਬਿਮਾਰ ਨਾ ਹੋਵੋ, ਅਜਿਹਾ ਕੁੱਝ ਵੀ ਨਾ ਕਰੋ, ਜਿਸ ਨਾਲ ਤੁਹਾਨੂੰ ਇਲਾਜ ਲਈ ਹਸਪਤਾਲ ਜਾਣਾ ਪਵੇ।'
ਇਹ ਵੀ ਪੜ੍ਹੋ: ਮਾਲਦੀਵ 'ਚ ਰਾਸ਼ਟਰਪਤੀ ਗੋਟਬਾਯਾ ਦਾ ਵਿਰੋਧ, ਹੁਣ ਸਿੰਗਾਪੁਰ ਜਾਣ ਲਈ ਕਰ ਰਹੇ ਨਿੱਜੀ ਜੈੱਟ ਦੀ ਉਡੀਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।