ਕੀ ਕੈਨੇਡਾ ''ਚ ਐਂਟਰੀ ਲੈਂਦੇ ਸਾਰ ਲੋਕਾਂ ਨੂੰ ਰਿਫਿਊਜੀ ਬਣਨ ਲਈ ਕਹਿੰਦੀ ਹੈ CBSA?

Wednesday, Aug 21, 2024 - 01:01 AM (IST)

ਟੋਰਾਂਟੋ : ਦੂਜਾ ਪੰਜਾਬ ਕਹੇ ਜਾਣ ਵਾਲੇ ਕੈਨੇਡਾ ਦਾ ਕਰੇਜ਼ ਭਾਰਤੀਆਂ ਖਾਸ ਕਰ ਕੇ ਪੰਜਾਬੀਆਂ ਵਿਚ ਅਕਸਰ ਬਣਿਆ ਰਹਿੰਦਾ ਹੈ। ਪੰਜਾਬੀ ਨੌਜਵਾਨ ਲੱਖਾਂ ਰੁਪਏ ਲਾ ਕੇ ਆਪਣਾ ਘਰ ਬਾਰ ਵੇਚ ਕੇ ਕਿਸੇ ਵੀ ਤਰੀਕੇ ਕੈਨੇਡਾ ਜਾ ਕੇ ਸੈਟਲ ਹੋਣ ਲਈ ਤਿਆਰ ਰਹਿੰਦੇ ਹਨ। ਇਸ ਲਈ ਕੋਈ ਸਟੱਡੀ ਦਾ ਸਹਾਰਾ ਲੈਂਦਾ ਹੈ, ਕੋਈ ਵਿਆਹ ਦਾ ਤੇ ਹੋਈ ਸਪਾਂਸਰਸ਼ਿੱਪ ਦਾ। ਪਰ ਹੁਣ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਖਬਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੀ ਸਰਹੱਦੀ ਸੁਰੱਖਿਆ ਏਜੰਸੀ ਵੱਲੋਂ ਕੈਨੇਡਾ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਉਹ ਰਿਫਿਊਜੀ ਬਣ ਜਾਣ ਜਾਂ ਆਪਣੇ ਦੇਸ਼ ਵਾਪਸ ਚਲੇ ਜਾਣ। ਹਾਲਾਂਕਿ ਜਗਬਾਣੀ ਅਜਿਹੇ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਦਾਖਲ ਹੁੰਦਿਆਂ ਹੀ ਵਿਜ਼ਟਰ ਵੀਜ਼ਾ ਵਾਲੇ ਲੋਕਾਂ ਨੂੰ ਕੈਨੇਡਾ ਵਿਚ ਆਉਣ ਦਾ ਕਾਰਨ ਪੁੱਛਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਾਂ ਤਾਂ ਉਹ ਰਿਫਿਊਜੀ ਬਣ ਜਾਣ ਜਾਂ ਆਪਣੇ ਮੁਲਕ ਪਰਤ ਜਾਣ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਉਹ ਤਾਂ ਸਿੱਧੇ ਤੌਰ 'ਤੇ ਵਾਪਸ ਜਾਣ ਲਈ ਕਹਿ ਦਿੰਦੇ ਕੁਝ ਘੱਟ ਪੜੇ ਲਿਖੇ ਲੋਕਾਂ ਜਾਂ ਇਸ ਬਾਰੇ ਨਾ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਤਰੀਕੇ ਨਾਲ ਇਕ ਵਿਜ਼ਟਰ ਤੋਂ ਰਫਿਊਜੀ ਦੇ ਤੌਰ 'ਤੇ ਕੈਨੇਡਾ ਵਿਚ ਫਸ ਜਾਂਦੇ ਹਨ। ਰਿਫਿਊਜੀ ਅਪਲਾਈ ਕਰਨ ਦੌਰਾਨ ਉਨ੍ਹਾਂ ਨੂੰ ਇਕ ਅਜਿਹੇ ਫਾਰਮ 'ਤੇ ਦਸਤਖ਼ਤ ਕਰਵਾਏ ਜਾਂਦੇ ਹਨ, ਜਿਸ 'ਤੇ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਸ ਨੂੰ ਉਸ ਦੇ ਦੇਸ਼ ਵਿਚ ਖਤਰਾ ਹੈ। ਇਸ ਦੌਰਾਨ ਉਸ ਦਾ ਪਾਸਪੋਰਟ ਸੀ.ਬੀ.ਐੱਸ.ਏ. ਵੱਲੋਂ ਰੱਖ ਲਿਆ ਜਾਂਦਾ ਹੈ। ਇਸ ਦੌਰਾਨ ਇਕ ਵਿਜ਼ਟਰ ਵੀਜ਼ਾ ਧਾਰਕ ਨਾ ਚਾਹੁੰਦਿਆਂ ਹੋਇਆ ਵੀ ਕੈਨੇਡਾ ਵਿਚ ਫਸ ਜਾਂਦਾ ਹੈ।

3 ਮਹੀਨਿਆਂ ਵਿਚ 6 ਹਜ਼ਾਰ ਭਾਰਤੀਆਂ ਨੇ ਲਈ ਸਿਆਸੀ ਸ਼ਰਣ
ਕੈਨੇਡਾ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਰਹਿਣ ਵਾਲੇ ਭਾਰਤੀਆਂ ਨੂੰ ਸਿਆਸੀ ਸ਼ਰਨ ਦੇ ਰਿਹਾ ਹੈ। ਇਕ ਵੈੱਬਸਾਈਟ ਮੁਤਾਬਕ 2024 ਵਿਚ ਸਿਰਫ 3 ਮਹੀਨਿਆਂ ਵਿੱਚ 6,000 ਭਾਰਤੀਆਂ ਨੇ ਕੈਨੇਡਾ ਵਿੱਚ ਸਿਆਸੀ ਸ਼ਰਨ ਮੰਗੀ ਹੈ। ਇਸ ਗਿਣਤੀ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। 

ਕੈਨੇਡਾ ਨੇ ਕੀਤੀ ਸਖਤੀ
ਹਾਲ ਹੀ ਵਿਚ ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਕ ਵੱਡਾ ਝਟਕਾ ਦਿੱਤਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਪੱਕੇ ਤੌਰ 'ਤੇ ਕੈਨੇਡਾ ਵਿਚ ਨਹੀਂ ਰਹਿ ਸਕਦੇ। ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਆਪਣੇ ਘਰ ਚਲੇ ਜਾਓ ਅਤੇ ਕੈਨੇਡਾ ਵਿਚ ਕੀਤੀ ਪੜ੍ਹਾਈ ਨੂੰ ਆਪਣੇ ਮੁਲਕ ਜਾ ਕੇ ਵਰਤੋ। ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਕੈਨੇਡਾ ਵਿਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ।

ਵਿਦਿਆਰਥੀਆਂ ਦਾ ਹੋ ਰਿਹਾ ਮੋਹ ਭੰਗ
ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 50 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2023 ਵਿੱਚ ਭਾਰਤ ਤੋਂ 3.19 ਲੱਖ ਵਿਦਿਆਰਥੀ ਕੈਨੇਡਾ ਗਏ ਸਨ ਜਿਨ੍ਹਾਂ ਵਿੱਚੋਂ 1.8 ਲੱਖ ਦੇ ਕਰੀਬ ਪੰਜਾਬੀ ਵਿਦਿਆਰਥੀ ਸਨ। ਆਈ.ਆਰ.ਸੀ.ਸੀ. ਦੇ ਅੰਕੜਿਆਂ ਦੇ ਅਨੁਸਾਰ, ਮਾਰਚ 2024 'ਚ ਸਿਰਫ 4,210 ਭਾਰਤੀ ਵਿਦਿਆਰਥੀਆਂ ਨੇ ਅਧਿਐਨ ਪਰਮਿਟ ਲਈ ਅਰਜ਼ੀ ਦਿੱਤੀ ਹੈ। ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 83.16 ਫੀਸਦੀ ਹੈ। ਮਾਰਚ 2022 ਅਤੇ ਮਾਰਚ 2023 ਵਿੱਚ 25-25 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਪਲਾਈ ਕੀਤਾ ਸੀ।


Inder Prajapati

Content Editor

Related News