ਡਾਕਟਰਾਂ ਨੇ ਕਿਹਾ ਸੀ ਨਹੀਂ ਹੋਵੇਗੀ ‘ਔਲਾਦ’ ਪਰ ਕਿਸਮਤ ਨੇ ਦਿੱਤਾ ਸਾਥ, ਜੋੜੇ ਘਰ ਗੂੰਜੀਆਂ ਕਿਲਕਾਰੀਆਂ
Monday, Aug 02, 2021 - 06:11 PM (IST)

ਲੰਡਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਮਨੁੱਖ ਨੂੰ ਆਖਰੀ ਸਾਹ ਤੱਕ ਆਸ ਨਹੀਂ ਛੱਡਣੀ ਚਾਹੀਦੀ। ਇਨਸਾਨ 'ਤੇ ਰੱਬ ਦੀ ਮਿਹਰ ਕਦੋਂ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਰੱਬ ਦੀ ਮਿਹਰ ਬ੍ਰਿਟੇਨ ਦੇ ਇਕ ਜੋੜੇ 'ਤੇ ਹੋਈ ਅਤੇ ਡਾਕਟਰਾਂ ਵੱਲੋਂ ਨਿਰਾਸ਼ਾ ਮਿਲਣ ਦੇ ਬਾਵਜੂਦ ਉਹਨਾਂ ਘਰ ਖੁਸ਼ੀਆਂ ਨੇ ਦਸਤਕ ਦਿੱਤੀ। ਬ੍ਰਿਟੇਨ ਵਿਚ ਰਹਿਣ ਵਾਲੇ ਇਕ ਜੋੜੇ ਨੂੰ ਡਾਕਟਰਾਂ ਨੇ ਸਾਫ ਤੌਰ 'ਤੇ ਕਹਿ ਦਿੱਤਾ ਸੀ ਕਿ ਉਹ ਕਦੇ ਮਾਤਾ-ਪਿਤਾ ਨਹੀਂ ਬਣ ਪਾਉਣਗੇ। ਇਸ ਜੋੜੇ ਦੀ ਮੈਡੀਕਲ ਹਾਲਤ ਵੀ ਇੰਨੀ ਜ਼ਿਆਦਾ ਖਰਾਬ ਸੀ ਕਿ ਉਹਨਾਂ ਦੇ ਬੱਚਾ ਪੈਦਾ ਹੋਣ ਦੀ ਸੰਭਾਵਨਾ ਹੋਰ ਵਿਚ ਜ਼ਿਆਦਾ ਮੁਸ਼ਕਲ ਸੀ ਪਰ 55 ਸਾਲ ਦੇ ਸਟੀਫਨ ਦੀ ਖੁਰਾਕ ਵਿਚ ਇਕ ਤਬਦੀਲੀ ਨੇ ਉਸ ਦੇ ਘਰ ਖੁਸ਼ੀਆਂ ਲਿਆ ਦਿੱਤੀਆਂ।
ਮੋਂਟਗੋਮੇਰੀ ਵਿਚ ਰਹਿਣ ਵਾਲੇ ਸਟੀਫਨ ਅਤੇ ਉਹਨਾਂ ਦੀ ਪਤਨੀ ਰੇਚਲ ਗ੍ਰੀਨਵੁੱਡ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਉਹ ਆਈ.ਵੀ.ਐੱਫ. ਤਕਨੀਕ ਦੇ ਜ਼ਰੀਏ ਵੀ ਬੱਚਾ ਪੈਦਾ ਨਹੀਂ ਕਰ ਪਾਉਣਗੇ। ਅਸਲ ਵਿਚ 41 ਸਾਲ ਦੀ ਰੇਚਲ ਨੂੰ ਪਾਲੀਸਿਸਟਿਕ ਓਵੇਰੀ ਸਿੰਡਰੋਮ ਸੀ ਉੱਥੇ ਸਟੀਫਨ ਨਾਲ ਬਚਪਨ ਵਿਚ ਇਕ ਹਾਦਸਾ ਵਾਪਰਿਆ ਸੀ ਜਿਸ ਕਾਰਨ ਉਹਨਾਂ ਦਾ ਸਪਰਮ ਕਾਊਂਟ ਕਾਫੀ ਘੱਟ ਗਿਆ ਸੀ। ਇਸ ਜੋੜੇ ਦੀ ਮੈਡੀਕਲ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਸਾਫ ਤੌਰ 'ਤੇ ਦੱਸ ਦਿੱਤਾ ਗਿਆ ਕਿ ਉਹਨਾਂ ਨੂੰ ਪੂਰੀ ਉਮਰ ਔਲਾਦ ਦੇ ਬਿਨਾਂ ਰਹਿਣਾ ਪਵੇਗਾ। ਇਹ ਜੋੜਾ ਇਸ ਗੱਲ ਤੋਂ ਕਾਫੀ ਦੁਖੀ ਸੀ। ਭਾਵੇਂਕਿ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਬ੍ਰੈੱਡ ਖਾਣਾ ਛੱਡ ਦੇਣ ਨਾਲ ਉਹ ਇਕ ਚਮਤਕਾਰ ਦੇ ਗਵਾਹ ਬਣਨਗੇ ਅਤੇ ਉਹਨਾਂ ਦੇ ਘਰ ਵੀ ਕਿਲਕਾਰੀਆਂ ਗੂੰਜਣਗੀਆਂ।
ਅਸਲ ਵਿਚ ਸਟੀਫਨ ਨੂੰ ਡਾਇਬੀਟੀਜ਼ ਦੀ ਵੀ ਸਮੱਸਿਆ ਹੈ। ਇਸ ਕਾਰਨ ਉਹਨਾਂ ਨੂੰ ਯੀਸਟ ਇਨਫੈਕਸ਼ਨ ਵੀ ਹੋ ਰਹੇ ਸਨ। ਇਸ ਕਾਰਨ ਉਹਨਾਂ ਦਾ ਸਪਰਮ ਕਾਊਂਟ ਹੋਰ ਵੀ ਘੱਟ ਹੋ ਰਿਹਾ ਸੀ ਭਾਵੇਂਕਿ ਆਪਣੀ ਖੁਰਾਕ ਵਿਚੋਂ ਸਾਰੇ ਯੀਸਟ ਉਤਪਾਦ ਹਟਾਉਣ ਦੇ ਬਾਅਦ ਉਹਨਾਂ ਦੇ ਇਨਫੈਕਸ਼ਨ ਦੋ ਹਫ਼ਤਿਆਂ ਵਿਚ ਖ਼ਤਮ ਹੋ ਗਏ ਸਨ। ਸਟੀਫਨ ਨੇ ਆਪਣੀ ਸਿਹਤ ਲਈ ਬ੍ਰੈੱਡ ਅਤੇ ਪੇਸਟ੍ਰੀਜ਼ ਖਾਣਾ ਇਕਦਮ ਬੰਦ ਕਰ ਦਿੱਤੀ। ਸਟੀਫਨ ਦੇ ਬ੍ਰੈੱਡ ਅਤੇ ਪੇਸਟ੍ਰੀ ਖਾਣਾ ਬੰਦ ਕਰਨ ਦੇ 5 ਮਹੀਨਿਆਂ ਬਾਅਦ ਰੇਚਲ ਨੇ ਦੱਸਿਆ ਕਿ ਉਹ ਗਰਭਵਤੀ ਹੈ। ਪਿਛਲੇ ਦੋ ਦਹਾਕਿਆਂ ਵਿਚ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਇਸ ਜੋੜੇ ਦੇ ਘਰ ਆਖਿਰਕਾਰ 1 ਜੁਲਾਈ ਨੂੰ ਬੇਬੀ ਨੇ ਜਨਮ ਲਿਆ।
ਸਟੀਫਨ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਬਹੁਤ ਭਾਵੁਕ ਵੀ। ਅਸੀਂ ਹੁਣ ਤੱਕ ਇਸ ਪਲ ਦਾ ਇੰਤਜ਼ਾਰ ਕੀਤਾ ਸੀ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਇਕ ਰਿਟਾਇਰਡ ਪੁਲਸਮੈਨ ਹਾਂ। ਮੈਂ ਇਹ ਸੋਚ ਕੇ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਖਾਲੀ ਸਮਾਂ ਆਪਣੇ ਬੱਚੇ ਨਾਲ ਘਰ 'ਤੇ ਬਿਤਾ ਸਕਦਾ ਹਾਂ। ਇਹ ਫੀਲਿੰਗ ਮੇਰੇ ਲਈ ਬਹੁਤ ਖਾਸ ਹੈ। ਮੈਂ ਲੋਕਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ। ਬ੍ਰੈੱਡ ਛੱਡਣ ਦੇ ਸਿਰਫ 5 ਮਹੀਨਿਆਂ ਬਾਅਦ ਸਾਡਾ ਘਰ ਖੁਸ਼ੀਆਂ ਨਾਲ ਭਰ ਗਿਆ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਪ੍ਰੀ-ਸਕੂਲ ਦੇ ਬੱਚਿਆਂ ਲਈ ਦੁੱਧ ਅਤੇ ਸਿਹਤਮੰਦ ਖਾਣੇ ਦੀ ਸਕੀਮ ਦੀ ਸ਼ੁਰੂਆਤ
ਸਟੀਫਨ ਨੇ ਕਿਹਾ ਕਿ ਅਸੀਂ ਮਾਤਾ-ਪਿਤਾ ਬਣਨਾ ਚਾਹੁੰਦੇ ਸੀ ਪਰ ਜਦੋਂ ਡਾਕਟਰਾਂ ਨੇ ਸਾਡੀ ਮੈਡੀਕਲ ਹਾਲਤ ਬਾਰੇ ਦੱਸਿਆ ਤਾਂ ਸਾਨੂੰ ਅਹਿਸਾਸ ਹੋਇਆ ਕਿ ਸ਼ਾਇਦ ਇਹ ਸਾਡੀ ਕਿਸਮਤ ਵਿਚ ਨਹੀਂ ਹੈ। ਪਰ ਹੁਣ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਕਦੇ ਆਸ ਨਹੀਂ ਛੱਡਣੀ ਚਾਹੀਦੀ। ਸਾਰਿਆਂ ਦਾ ਸਰੀਰ ਵੱਖ-ਵੱਖ ਹੁੰਦਾ ਹੈ ਅਤੇ ਚੰਗਾ ਖਾਣਪੀਣ ਚੀਜ਼ਾਂ ਕਾਫੀ ਬਿਹਤਰ ਕਰ ਸਕਦਾ ਹੈ। ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਰੇਚਲ ਨੂੰ ਕਿਡਨੀ ਸਟੋਨਸ ਦੀ ਸਮੱਸਿਆ ਕਾਰਨ ਹਸਪਤਾਲ ਵਿਚ ਦਾਖਲ ਹੋਣਾ ਪਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਉਸ ਦੇ ਪੇਟ ਵਿਚ ਦਰਦ ਹੋਣ ਲੱਗਾ ਸੀ ਅਤੇ ਉਸ ਦੀ ਸਕਿਨ ਥੋੜ੍ਹੀ ਪੀਲੀ ਪੈਣ ਲੱਗੀ ਸੀ। ਰੇਚਲ ਅਤੇ ਸਟੀਫਨ ਕਾਫੀ ਡਰ ਗਏ ਸਨ ਪਰ ਜਾਂਚ ਵਿਚ ਸਾਹਮਣੇ ਆਇਆ ਕਿ ਰੇਚਲ ਗਰਭਵਤੀ ਸੀ । ਇਸ ਗੱਲ ਬਾਰੇ ਜਾਣ ਕੇ ਜੋੜਾ ਬਹੁਤ ਖੁਸ਼ ਹੋਇਆ ਸੀ।