ਕਤਲ ਦੇ 20 ਸਾਲ ਬਾਅਦ ਇੰਝ ਫੜ੍ਹਿਆ ਗਿਆ ਕਾਤਲ
Monday, Aug 27, 2018 - 09:25 PM (IST)

ਮੈਡਰਿਡ— ਸਾਲ 1998 'ਚ ਇਕ ਡਚ ਲੜਕੇ ਦੇ ਕਤਲ ਦੇ ਸ਼ੱਕੀ ਨੂੰ 20 ਸਾਲ ਬਾਅਦ ਡੀ.ਐੱਨ.ਏ. ਟੈਸਟ ਦੀ ਮਦਦ ਨਾਲ ਸਪੇਨ 'ਚ ਫੜ੍ਹਿਆ ਗਿਆ। ਨੀਦਰਲੈਂਡ ਦੇ ਦੱਖਣੀ ਸੂਬੇ ਲਿੰਬਰਗ 'ਚ 10 ਅਗਸਤ 1998 ਨੂੰ 11 ਸਾਲਾ ਨਿੱਕੀ ਵਰਸਟੈਪਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਜਾਂਚ ਪੜਤਾਲ ਦੌਰਾਨ ਪੁਲਸ ਨੇ ਉਸ ਦੇ ਸ਼ਰੀਰ ਤੋਂ ਕੁਝ ਡੀ.ਐੱਨ.ਏ. ਨਮੁਨੇ ਇਕੱਠੇ ਕੀਤੇ ਸਨ।
ਡੀ.ਐੱਨ.ਏ. ਦੀ ਮਦਦ ਨਾਲ ਸ਼ੱਕੀ ਕਾਤਲ ਦੀ ਪਛਾਣ ਲਈ ਮਈ 2017 'ਚ ਨੀਦਰਲੈਂਡ ਦੀ ਪੁਲਸ ਨੇ ਵੱਡੇ ਪੱਧਰ 'ਤੇ ਟੈਸਟ ਕੀਤੇ। ਇਸ ਟੈਸਟ 'ਚ 1400 ਲੋਕਾਂ ਨੇ ਹਿੱਸਾ ਲਿਆ ਸੀ ਪਰ ਉਨ੍ਹਾਂ 'ਚੋਂ ਕਿਸੇ ਦਾ ਵੀ ਡੀ.ਐੱਨ.ਏ. ਨਹੀਂ ਮਿਲਿਆ। ਹਾਲ ਹੀ 'ਚ ਪੁਲਸ ਨੇ ਇਕ ਰਿਸ਼ਤੇਦਾਰ ਦੇ ਡੀ.ਐੱਨ.ਏ. ਦੀ ਮਦਦ ਨਾਲ ਨਿੱਕੀ ਦੇ ਕਾਤਲ 55 ਸਾਲਾ ਜੋਸ਼ ਬ੍ਰੀਚ ਦੀ ਪਛਾਣ ਕੀਤੀ। ਜੋਸ਼ ਦਾ ਡੀ.ਐੱਨ.ਏ. ਲਾਸ਼ 'ਤੇ ਮਿਲੇ ਨਮੁਨਿਆਂ ਨਾਲ ਕਾਫੀ ਮੇਲ ਖਾਂਦਾ ਸੀ।
ਇਹ ਸਾਹਮਣੇ ਆਉਣ ਤੋਂ ਬਾਅਦ ਪੁਲਸ ਉਸ ਦੀ ਭਾਲ 'ਚ ਲੱਗੀ ਹੋਈ ਸੀ। ਘਰ ਤੋਂ ਫਰਾਰ ਹੋਣ ਕਾਰਨ ਪੁਲਸ ਨੇ ਉਸ ਦੀ ਤਸਵੀਰ ਜਾਰੀ ਕੀਤੀ ਸੀ। ਐਤਵਾਰ ਨੂੰ ਇਕ ਡਚ ਨਾਗਰਿਕ ਨੇ ਪੁਲਸ ਨੂੰ ਉਸ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕੁਝ ਦੇਰ ਬਾਅਦ ਹੀ ਸਪੇਨ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ 'ਤੇ ਪੀੜਤ ਬੱਚਿਆਂ 'ਤੇ ਯੌਨ ਹਮਲਾ ਕਰਨ ਦਾ ਵੀ ਦੋਸ਼ ਹੈ। ਸਪੇਨ ਪੁਲਸ ਜਲਦ ਹੀ ਉਸ ਨੂੰ ਨੀਦਰਲੈਂਡ ਦੀ ਪੁਲਸ ਹਵਾਲੇ ਕਰ ਦੇਵੇਗੀ।