ਪਨਾਮਾ ਪੇਪਰ ਮਾਮਲੇ ਦੀ ਸੁਣਵਾਈ ''ਚ ਅੱਜ ਸ਼ਰੀਫ ਅਦਾਲਤ ''ਚ ਨਹੀਂ ਹੋਣਗੇ ਪੇਸ਼

10/13/2017 11:33:19 AM

ਇਸਲਾਮਾਬਾਦ (ਭਾਸ਼ਾ)— ਇਕ ਸੀਨੀਅਰ ਨੇਤਾ ਨੇ ਇਹ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਆਪਣੀ ਬੀਮਾਰ ਪਤਨੀ ਨਾਲ ਲੰਡਨ ਵਿਚ ਹੋਣ ਕਾਰਨ ਪਨਾਮਾ ਪੇਪਰ ਮਾਮਲੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਸਾਹਮਣੇ ਅੱਜ ਮਤਲਬ ਸ਼ੁੱਕਰਵਾਰ ਨੂੰ ਪੇਸ਼ ਨਹੀਂ ਹੋਣਗੇ। ਸੁਪਰੀਮ ਕੋਰਟ ਨੇ 67 ਸਾਲਾ ਸ਼ਰੀਫ ਨੂੰ 28 ਜੁਲਾਈ ਨੂੰ ਅਯੋਗ ਕਰਾਰ ਦਿੱਤਾ ਸੀ। ਫੈਸਲੇ ਮਗਰੋਂ 'ਰਾਸ਼ਟਰੀ ਜਵਾਬਦੇਹੀ ਬਿਊਰੋ' (ਐੱਨ. ਏ. ਬੀ.) ਨੇ ਸ਼ਰੀਫ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਵਿੱਤ ਮੰਤਰੀ ਇਸਹਾਕ ਡਾਰ ਵਿਰੁੱਧ ਇਸਲਾਮਾਬਾਦ ਜਵਾਬਦੇਹੀ ਅਦਾਲਤ ਵਿਚ ਭ੍ਰਿਸ਼ਟਾਚਾਰ ਅਤੇ ਧਨ ਸ਼ੋਧਨ ਦੇ ਤਿੰਨ ਮਾਮਲੇ ਦਰਜ ਕੀਤੇ ਹਨ। 
ਸੱਤਾਰੂੜ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਸ਼ਰੀਫ ਸ਼ੁੱਕਰਵਾਰ ਨੂੰ ਸੁਣਵਾਈ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹ ਲੰਡਨ ਵਿਚ ਆਪਣੀ ਬੀਮਾਰ ਪਤਨੀ ਕੁਲਸੁਮ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਸ਼ਰੀਫ ਨੇ ਸੁਣਵਾਈ ਵਿਚ ਸ਼ਾਮਲ ਹੋਣ ਅਤੇ ਦੋਸ਼ਾਂ ਤੋਂ ਇਨਕਾਰ ਕਰਨ ਲਈ ਇਕ ਪ੍ਰਤੀਨਿਧੀ ਨੂੰ ਨਾਮਜਦ ਕੀਤਾ ਹੈ।'' ਸ਼ਰੀਫ ਦੀ ਬੇਟੀ ਅਤੇ ਦਾਮਾਦ ਕੈਪਟਨ ਮੁਹੰਮਦ ਸਫਦਰ ਸੁਣਵਾਈ ਵਿਚ ਸ਼ਾਮਲ ਹੋਣ ਲਈ ਅਦਾਲਤ ਪਹੁੰਚ ਚੁੱਕੇ ਹਨ। ਉਹ ਪਿਛਲੀ ਸੁਣਵਾਈ ਦੌਰਾਨ ਵੀ ਮੌਜੂਦ ਸਨ। ਕੁਲਸੁਮ ਗਲੇ ਦੇ ਕੈਂਸਰ ਨਾਲ ਪੀੜਤ ਹੈ ਅਤੇ ਹੁਣ ਤੱਕ ਬ੍ਰਿਟੇਨ ਵਿਚ ਉਨ੍ਹਾਂ ਦੇ ਤਿੰਨ ਆਪਰੇਸ਼ਨ ਹੋ ਚੁੱਕੇ ਹਨ। ਸ਼ਰੀਫ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ 'ਤੇ ਅਦਾਲਤ ਵਿਚ ਪੇਸ਼ ਹੋਣ ਲਈ ਦਬਾਅ ਬਣਾਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਐੱਨ. ਏ. ਬੀ. ਨੇ ਉਨ੍ਹਾਂ ਦੇ ਬੈਂਕ ਖਾਤਿਆਂ 'ਤੇ ਰੋਕ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਸੰਪੱਤੀਆਂ ਨੂੰ ਵੀ ਜਬਤ ਕਰ ਲਿਆ ਹੈ। ਸ਼ਰੀਫ ਸੋਮਵਾਰ ਨੂੰ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ ਸਨ ਕਿਉਂਕਿ ਉਹ ਪਤਨੀ ਨਾਲ ਲੰਡਨ ਵਿਚ ਸਨ। ਮੁਕੱਦਮੇ ਤੋਂ ਬਾਅਦ ਸ਼ਰੀਫ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ।


Related News