ਪਾਕਿ ਸਰਕਾਰ ’ਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਮਤਭੇਦ ਵਧਿਆ, ਸ਼ਾਹਬਾਜ਼ ਨੇ ਸ਼ੁਰੂ ਕੀਤਾ ਵਿਚਾਰ-ਵਟਾਂਦਰਾ

Sunday, Nov 20, 2022 - 12:16 AM (IST)

ਪਾਕਿ ਸਰਕਾਰ ’ਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਮਤਭੇਦ ਵਧਿਆ, ਸ਼ਾਹਬਾਜ਼ ਨੇ ਸ਼ੁਰੂ ਕੀਤਾ ਵਿਚਾਰ-ਵਟਾਂਦਰਾ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਸਰਕਾਰ ਵਿਚ ਮਤਭੇਦ ਵਧਣ ਦੇ ਸੰਕੇਤ ਮਿਲ ਰਹੇ ਹਨ ਕਿਉਂਕਿ ਸੱਤਾਧਾਰੀ ਗਠਜੋੜ ਦੇ ਚੋਟੀ ਦੇ ਨੇਤਾਵਾਂ ਨੇ ਇਸ ਅਹਿਮ ਮੁੱਦੇ ’ਤੇ ਵਿਰੋਧੀ ਬਿਆਨ ਦਿੱਤੇ ਹਨ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ 29 ਨਵੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਇਕ ਪ੍ਰਸ਼ਾਸਨਿਕ ਵਿਸ਼ਾ ਹੈ। ਕਾਨੂੰਨ ਦੇ ਤਹਿਤ, ਮੌਜੂਦਾ ਪ੍ਰਧਾਨ ਮੰਤਰੀ ਨੂੰ ਚੋਟੀ ਦੇ ਥ੍ਰੀ ਸਟਾਰ ਜਨਰਲਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਦਾ ਅਧਿਕਾਰ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਆਪਣੇ ਸਰਕਾਰੀ ਸਹਿਯੋਗੀਆਂ ਨਾਲ ਸ਼ੁੱਕਰਵਾਰ ਨੂੰ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ। ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਖੁਲਾਸਾ ਕੀਤਾ ਕਿ ਮੰਗਲਵਾਰ ਜਾਂ ਬੁੱਧਵਾਰ ਤੱਕ ਨਵੇਂ ਫੌਜ ਮੁਖੀ ਦੇ ਨਾਂ ਦਾ ਐਲਾਨ ਕੀਤਾ ਜਾਏਗਾ।

ਉਥੇ ਦੂਸਰੇ ਪਾਸੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਵਿਚਾਰ-ਵਟਾਂਦਰਾ ਪੂਰਾ ਹੋ ਚੁੱਕਾ ਹੈ ਅਤੇ ਇਕ ਜਾਂ ਦੋ ਦਿਨ ਵਿਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਕਰ ਦਿੱਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਦੇਰ ‘ਉਚਿਤ’ ਨਹੀਂ ਹੋਵੇਗੀ। ਇਕ ਹੋਰ ਅਹਿਮ ਘਟਨਾਚੱਕਰ ਵਿਚ ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਦੇ ਨੇਤਾ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਫੌਜ ਲਈ ਪ੍ਰਮੋਸ਼ਨ ਸਿਸਟਮ ’ਚ ਵਿਸ਼ਵਾਸ ਰੱਖਦੀ ਹੈ ਅਤੇ ਫੌਜ ਮੁਖੀ ਦੀ ਨਿਯੁਕਤੀ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਸੰਸਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਤਿੰਨ ਸਿਤਾਰਾ ਜਨਰਲ ਫੌਜ ਮੁਖੀ ਦਾ ਅਹੁਦਾ ਸੰਭਾਲਣ ਲਈ ਬਰਾਬਰ ਰੂਪ ਨਾਲ ਯੋਗ ਅਤੇ ਸਮਰੱਥ ਹਨ। ਪੀ. ਪੀ. ਪੀ. ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਵਿਚ ਸਭ ਤੋਂ ਵੱਡੀ ਸਹਿਯੋਗੀ ਹੈ। ਰੱਖਿਆ ਮੰਤਰੀ ਆਸਿਫ ਨੇ ਸ਼ੁੱਕਰਵਾਰ ਨੂੰ ਜੀਓ ਨਿਊਜ਼ ਨੂੰ ਦੱਸਿਆ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਕਾਗਜ਼ੀ ਕਾਰਵਾਈ ਸੋਮਵਾਰ ਤੋਂ ਸ਼ੁਰੂ ਹੋ ਜਾਏਗੀ ਅਤੇ ਨਿਯੁਕਤੀ ਮੰਗਲਵਾਰ ਜਾਂ ਬੁੱਧਵਾਰ ਨੂੰ ਕੀਤੀ ਜਾਏਗੀ। ਨਵੇਂ ਫੌਜ ਮੁਖੀ ਨੂੰ ਅਹੁਦਾ ਸੌਂਪਣ ਨਾਲ ਸਬੰਧਤ ਪ੍ਰੋਗਰਾਮ 29 ਨਵੰਬਰ ਨੂੰ ਹੋਵੇਗਾ।


author

Manoj

Content Editor

Related News