ਜਾਪਾਨ ਕਰੂਜ਼ ਸ਼ਿਪ : ਕੋਰੋਨਾ ਨੇ ਲਪੇਟ ''ਚ ਲਈ ਇਕ ਹੋਰ ਆਸਟ੍ਰੇਲੀਅਨ, ਰੋ-ਰੋ ਸੁਣਾਇਆ ਹਾਲ

02/13/2020 1:12:11 PM

ਮੈਲਬੌਰਨ—ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦਾ ਰਹਿਣ ਵਾਲਾ ਇਕ ਪਰਿਵਾਰ ਧੀ ਦਾ ਜਨਮ ਦਿਨ ਖਾਸ ਤਰੀਕੇ ਨਾਲ ਮਨਾਉਣ ਲਈ ਡਾਇਮੰਡ ਪਿ੍ਰੰਸਜ਼ ਕਰੂਜ਼ ਸ਼ਿਪ 'ਚ ਗਿਆ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਕੋਰੋਨਾ ਵਾਇਰਸ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਵਰਗੀ ਬਣਾ ਦੇਵੇਗਾ। ਜਾਪਾਨ ਦੇ ਤਟ 'ਤੇ ਖੜ੍ਹੇ ਇਕ ਕਰੂਜ਼ ਸ਼ਿਪ 'ਚ ਸਵਾਰ ਆਸਟ੍ਰੇਲੀਅਨ ਕੁੜੀ ਬਾਇਨਕਾ ਡੀ' ਸਿਲਵਾ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਉਸ ਦਾ 14 ਸਾਲਾ ਭਰਾ ਅਤੇ ਮਾਂ-ਬਾਪ ਵੀ ਕਰੂਜ਼ ਸ਼ਿਪ 'ਚ ਸਵਾਰ ਹਨ, ਜਿਨ੍ਹਾਂ ਨੂੰ ਹੁਣ ਜਾਂਚ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਾਇਨਕਾ ਨੇ ਸੋਸ਼ਲ ਮੀਡੀਆ 'ਤੇ ਰੋ-ਰੋ ਕੇ ਆਪਣਾ ਹਾਲ ਸੁਣਾਇਆ ਹੈ ਤੇ ਉਸ ਦੇ ਦਾਦਾ-ਦਾਦੀ ਵੀ ਉਸ ਦੀ ਚਿੰਤਾ 'ਚ ਹਨ।

ਅਗਲੇ ਹਫਤੇ ਬਾਇਨਕਾ ਦਾ 21ਵਾਂ ਜਨਮ ਦਿਨ ਹੈ, ਜਿੱਥੇ ਉਹ ਇਸ ਦਿਨ ਨੂੰ ਪਰਿਵਾਰ ਨਾਲ ਖਾਸ ਅੰਦਾਜ਼ 'ਚ ਮਨਾਉਣ ਦੀਆਂ ਤਿਆਰੀਆਂ 'ਚ ਸੀ, ਉੱਥੇ ਹੀ ਹੁਣ ਉਹ ਆਪਣੇ ਜਨਮ ਦਿਨ 'ਤੇ ਆਇਸੋਲੇਸ਼ਨ 'ਚ ਬੰਦ ਰਹੇਗੀ। ਉਸ ਨੇ ਦੱਸਿਆ ਕਿ ਇਹ ਸਭ ਸਰੀਰਕ ਤੇ ਮਾਨਸਿਕ ਤੌਰ 'ਤੇ ਬਹੁਤ ਦੁਖਦਾਈ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਪਰਿਵਾਰ ਤੋਂ ਵੱਖ ਹੋਣ ਲਈ ਮਜਬੂਰ ਹੋਵੇਗੀ।
ਜ਼ਿਕਰਯੋਗ ਹੈ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਪਾਨ ਦੇ ਹਸਪਤਾਲ 'ਚ ਲਿਆਂਦਾ ਗਿਆ ਹੈ ਜਿੱਥੇ ਬਾਕੀ ਪਰਿਵਾਰ ਦੇ ਅਜੇ ਟੈਸਟ ਚੱਲ ਰਹੇ ਹਨ। ਉਸ ਦੇ ਦਾਦਾ-ਦਾਦੀ ਆਸਟ੍ਰੇਲੀਆ ਸਰਕਾਰ ਨੂੰ ਮਦਦ ਕਰਨ ਲਈ ਅਪੀਲ ਕਰ ਰਹੇ ਹਨ।


Related News