ਬੰਗਲਾਦੇਸ਼ ਸਣੇ ਕਈ ਦੇਸ਼ਾਂ ਨੇ ਚੀਨ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਉਈਗਰਾਂ ਦੇ ਹੱਕ 'ਚ ਚੁੱਕੀ ਆਵਾਜ਼

11/13/2020 4:55:50 PM

ਢਾਕਾ- ਵੀਰਵਾਰ ਨੂੰ ਇਸਲਾਮਿਕ ਵਿਦਵਾਨਾਂ ਸਣੇ ਹੋਰ ਲੋਕਾਂ ਨੇ ਢਾਕਾ ਵਿਚ ਚੀਨ ਵਿਰੋਧੀ ਰੈਲੀ ਕੀਤੀ ਤੇ ਉਈਗਰ ਲੋਕਾਂ ਦੇ ਹੱਕ ਲਈ ਆਵਾਜ਼ ਚੁੱਕੀ। 'ਉਈਗਰ ਮੁਸਲਿਮ ਰਾਈਟਸ ਕੌਂਸਲ' ਦੇ ਬੈਨਰ ਹੇਠ ਉਨ੍ਹਾਂ ਮੰਗ ਕੀਤੀ ਕਿ ਉਈਗਰ ਲੋਕਾਂ ਨੂੰ ਵੀ ਚੀਨ ਵਿਚ ਰਾਜਨੀਤਕ ਤੇ ਧਾਰਕਿਮ ਅਧਿਕਾਰ ਮਿਲਣੇ ਚਾਹੀਦੇ ਹਨ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਈਗਰਾਂ ਨੂੰ ਚੀਨੀ ਸਰਕਾਰ ਵਲੋਂ ਸਤਾਇਆ ਜਾਂਦਾ ਹੈ ਤੇ ਚੀਨ ਦੀ ਕਮਿਊਨਿਸਟ ਪਾਰਟੀ ਉਨ੍ਹਾਂ 'ਤੇ ਇੰਨਾ ਕੁ ਦਬਾਅ ਪਾਉਂਦੀ ਹੈ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਵੀ ਨਹੀਂ ਮਿਲ ਸਕੀ। 

ਵੀਰਵਾਰ ਨੂੰ 'ਢਾਕਾ ਰਾਸ਼ਟਰੀ ਪ੍ਰੈੱਸ ਕਲੱਬ' ਦੇ ਬੈਨਰ ਹੇਠ ਉਈਗਰ ਮੁਸਲਿਮ ਅਧਿਕਾਰ ਕੌਂਸਲ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਈਗਰ ਮੁਸਲਮਾਨਾਂ ਨੂੰ ਆਪਣਾ ਸਹਿਯੋਗ ਦੇਣ ਲਈ 'ਇਸਲਾਮਕ ਰੀਪਬਲਿਕ ਆਫ ਈਸਟ ਤੁਰਕਿਸਤਾਨ' ਨੇ ਆਜ਼ਾਦੀ ਦਿਹਾੜਾ ਮਨਾਉਣ ਲਈ 12 ਨਵੰਬਰ ਨੂੰ ਇਸ ਦਾ ਪ੍ਰਬੰਧ ਕੀਤਾ ਸੀ। 

ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਈਗਰਾਂ ਦੇ ਧਾਰਮਿਕ ਸਥਾਨਾਂ ਨੂੰ ਢਾਹ ਕੇ ਬਾਥਰੂਮ ਬਣਾਏ ਜਾ ਰਹੇ ਹਨ। ਇਸ ਦੇ ਇਲਾਵਾ ਉਈਗਰ ਬੀਬੀਆਂ ਨੂੰ ਜ਼ਬਰਦਸਤੀ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾਂਦਾ ਹੈ। ਬਿਨਾਂ ਦੱਸੇ ਕੋਈ ਵੀ ਦਵਾਈਆਂ ਤੇ ਟੀਕੇ ਲਗਾਏ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਆਬਾਦੀ ਨੂੰ ਘਟਾਇਆ ਜਾ ਸਕੇ। 

ਬੰਗਲਾਦੇਸ਼ ਤੋਂ ਇਲਾਵਾ ਟੋਕੀਓ, ਨਿਊਯਾਰਕ ਵਿਚ ਵੀ ਲੋਕ ਉਈਗਰ ਲੋਕਾਂ ਦੇ ਹਿੱਤ ਲਈ ਪ੍ਰਦਰਸ਼ਨ ਕਰ ਰਹੇ ਹਨ ਤੇ ਵਾਰ-ਵਾਰ ਮੰਗ ਕਰ ਰਹੇ ਹਨ ਕਿ ਉਈਗਰ ਮੁਸਲਮਾਨਾਂ 'ਤੇ ਚੀਨ ਦੇ ਤਸ਼ੱਦਦ ਬੰਦ ਹੋਣੇ ਚਾਹੀਦੇ ਹਨ। 


Lalita Mam

Content Editor

Related News