UAE ''ਚ ਕੰਮ ਦੌਰਾਨ ਮਾਰੇ ਗਏ ਏਸ਼ੀਅਨ ਦੇ ਪਰਿਵਾਰ ਨੂੰ ਮਿਲੇਗਾ 4 ਲੱਖ ਦਿਰਹਮ ਦਾ ਮੁਆਵਜ਼ਾ
Monday, Sep 14, 2020 - 01:12 AM (IST)

ਆਬੂਧਾਬੀ: ਸੰਯੁਕਤ ਅਰਬ ਅਮੀਰਾਤ ਵਿਚ ਇਕ ਸਾਈਟ ਸੁਪਰਵਾਈਜ਼ਰ ਤੇ ਸਾਈਟ ਇਨਜੀਨੀਅਰ ਦੀ ਅਣਗਹਿਲੀ ਕਾਰਣ ਕੰਮ 'ਤੇ ਮਾਰੇ ਗਏ ਇਕ ਏਸ਼ੀਅਨ ਕੰਸਟ੍ਰਕਸ਼ਨ ਵਰਕਰ ਦੇ ਪਰਿਵਾਰ ਨੂੰ 4 ਲੱਖ ਦਿਰਹਮ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖਲੀਜ਼ ਟਾਈਮਜ਼ ਵਲੋਂ ਦਿੱਤੀ ਗਈ ਹੈ।
ਅਬੂਧਾਬੀ ਕੈਸੈਸ਼ਨ ਕੋਰਟ ਨੇ ਹੇਠਲੀਆਂ ਅਦਾਲਤਾਂ ਵਲੋਂ ਪਹਿਲਾਂ ਦਿੱਤੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿਚ ਨਿਰਮਾਣ ਸਥਾਨ ਦੇ ਇੰਜੀਨੀਅਰ, ਪੀੜਤ ਨੂੰ ਘਟਨਾ ਤੋਂ ਤੁਰੰਤ ਬਾਅਦ ਦੇਖਣ ਵਾਲੇ ਸੁਪਰਵਾਈਜ਼ਰ ਅਤੇ ਉਨ੍ਹਾਂ ਦੇ ਮਾਲਕ ਨੂੰ ਪੀੜਤ ਦੀ ਮਾਂ, ਪਤਨੀ ਅਤੇ ਉਸ ਦੀਆਂ ਦੋ ਨਾਬਾਲਗ ਧੀਆਂ ਨੂੰ ਸੰਯੁਕਤ ਰੂਪ ਵਿਚ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਏਸ਼ੀਅਨ ਵਿਅਕਤੀ ਦੀ ਕੰਮ ਦੌਰਾਨ ਹਾਦਸੇ ਵਿਚ ਮੌਤ ਹੋ ਗਈ। ਜਾਂਚ ਦੌਰਾਨ ਇਹ ਪੁਸ਼ਟੀ ਹੋਈ ਕਿ ਹਾਦਸਾ ਸੁਪਰਵਾਈਜ਼ਰ ਅਤੇ ਸਾਈਟ ਇੰਜੀਨੀਅਰ ਦੀ ਅਣਗਹਿਲੀ ਕਾਰਨ ਹੋਇਆ, ਜਿਨ੍ਹਾਂ ਨੇ ਕੰਮ ਦੌਰਾਨ ਸੁਰੱਖਿਆ ਉਪਾਵਾਂ ਨੂੰ ਯਕੀਨੀ ਨਹੀਂ ਬਣਾਇਆ।
ਏਸ਼ੀਅਨ ਕਾਮਾ ਆਪਣੇ ਪਰਿਵਾਰ ਦਾ ਇਕਲੌਤਾ ਰੋਟੀ ਦਾ ਜ਼ਰੀਆ ਸੀ। ਇਸ ਤੋਂ ਪਹਿਲਾਂ ਯੂ.ਏ.ਈ. ਦੀਆਂ ਦੋ ਹੇਠਲੀਆਂ ਅਦਾਲਤਾਂ ਨੇ ਵੀ ਪੀੜਤ ਦੇ ਪਰਿਵਾਰ ਨੂੰ 4 ਲੱਖ ਦਿਰਹਮ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਸੀ। ਕੰਪਨੀ ਨੇ ਅਬੂ ਧਾਬੀ ਦੀ ਚੋਟੀ ਦੀ ਅਦਾਲਤ ਵਿਚ ਪਹਿਲਾਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਪਰ ਅਦਾਲਤ ਨੇ ਉਸ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਤੇ ਮੁਆਵਜ਼ੇ ਦੇ ਫੈਸਲੇ ਨੂੰ ਬਰਕਰਾਰ ਰੱਖਿਆ।