''ਮੁਸ਼ੱਰਫ ਨੂੰ ਖੁੱਲ੍ਹੇਆਮ ਦਿਓ ਫਾਂਸੀ ਤੇ ਤਿੰਨ ਦਿਨ ਚੌਕ ਵਿਚ ਲਟਕਾਓ ਲਾਸ਼''

12/19/2019 6:21:24 PM

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦੇਸ਼ ਧਰੋਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਵਾਲੀ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਆਪਣਾ ਵਿਸਤ੍ਰਿਤ ਫੈਸਲਾ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਇਸ ਬੈਂਚ ਦੇ ਜਸਟਿਸ ਸ਼ਾਹਿਦ ਕਰੀਮ ਨੇ ਮੁਸ਼ੱਰਫ ਦੇ ਖਿਲਾਫ ਸਖਤ ਫੈਸਲਾ ਸੁਣਾਇਆ ਹੈ। ਉਹਨਾਂ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੁਸ਼ੱਰਫ ਨੂੰ ਡੀ ਚੌਕ 'ਤੇ ਖੁੱਲ੍ਹੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇੰਨਾਂ ਹੀ ਨਹੀਂ ਉਹਨਾਂ ਦੇ ਸਰੀਰ ਨੂੰ ਤਿੰਨ ਦਿਨਾਂ ਤੱਕ ਫਾਂਸੀ 'ਤੇ ਹੀ ਟੰਗਿਆ ਰਹਿਣਾ ਚਾਹੀਦਾ ਹੈ। ਕਰੀਮ ਨੇ ਮੁਸ਼ੱਰਫ ਦੀ ਮੌਤ ਦੀ ਸਜ਼ਾ ਨੂੰ ਹੋਰ ਸਖਤ ਕੀਤੇ ਜਾਣ 'ਤੇ ਜ਼ੋਰ ਦਿੱਤਾ ਸੀ। ਮੁਸ਼ੱਰਫ ਨੂੰ ਸਜ਼ਾ ਸੁਣਾਏ ਜਾਣ ਵਾਲੀ ਬੈਂਚ ਦੀ ਪ੍ਰਧਾਨਗੀ ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਨੇ ਕੀਤੀ ਸੀ।

ਦੱਸ ਦਈਏ ਕਿ ਇਸ ਬੈਂਚ ਵਿਚ ਸਿੰਧ ਹਾਈ ਕੋਰਟ ਦੇ ਜੱਜ ਸ਼ਾਹਿਦ ਕਰੀਮ ਤੇ ਜਸਟਿਸ ਨਾਜ ਅਕਬਰ ਸ਼ਾਮਲ ਸਨ। ਇਹ ਫੈਸਲਾ 2-1 ਦੀ ਸਹਿਮਤੀ ਨਾਲ ਸੁਣਾਇਆ ਗਿਆ। ਜਸਟਿਸ ਅਕਬਰ ਸਜ਼ਾ ਦੇ ਖਿਲਾਫ ਸਨ, ਜਦਕਿ ਜਸਟਿਸ ਸੇਠ ਤੇ ਕਰੀਮ ਸਜ਼ਾ ਦੇ ਪੱਖ ਵਿਚ ਸਨ। ਜਸਟਿਸ ਕਰੀਮ ਨੇ ਮੁਸ਼ੱਰਫ ਖਿਲਾਫ ਸਖਤ ਸਜ਼ਾ ਦੀ ਸਿਫਾਰਿਸ਼ ਕੀਤੀ ਸੀ। 167 ਪੇਜਾਂ ਦੇ ਫੈਸਲੇ ਵਿਚ ਜਸਟਿਸ ਸੇਠ ਨੇ ਲਿਖਿਆ ਕਿ ਸਬੂਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਮੁਸ਼ੱਰਫ ਨੇ ਅਪਰਾਧ ਕੀਤਾ ਹੈ।

ਜਸਟਿਸ ਕਰੀਮ ਨੇ ਕਿਹਾ ਕਿ ਦੋਸ਼ੀ ਦੇ ਰੂਪ ਵਿਚ ਉਹਨਾਂ ਦਾ ਵਤੀਰਾ ਬਹੁਤ ਹੀ ਨਿੰਦਣਯੋਗ ਰਿਹਾ ਹੈ। ਦੇਸ਼ ਧਰੋਹ ਦਾ ਮੁਕੱਦਮਾ ਸ਼ੁਰੂ ਹੁੰਦੇ ਹੀ ਉਹ ਇਸ ਵਿਚ ਅੜਿੱਕਾ ਪੈਦਾ ਕਰ ਰਹੇ ਸਨ। ਉਹਨਾਂ ਨੇ ਮੁਕੱਦਮੇ ਨੂੰ ਲੇਟ ਕੀਤਾ ਤੇ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਕਰੀਮ ਨੇ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਉਹ ਇਸ ਮੁਹਿੰਮ ਦਾ ਹਿੱਸਾ ਨਹੀਂ ਸਨ ਤਾਂ ਵੀ ਉਹ ਸੰਵਿਧਾਨ ਦੀ ਰੱਖਿਆ ਕਰਨ ਵਿਚ ਅਸਫਲ ਰਹੇ ਹਨ।

ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਦੇਸ਼ ਧਰੋਹ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ ਨੂੰ ਵਿਅਕਤੀਗਤ ਬਦਲਾ ਕਰਾਰ ਦਿੱਤਾ। ਮੁਸ਼ੱਰਫ ਨੇ ਫਿਲਹਾਲ ਦੁਬਈ ਵਿਚ ਸ਼ਰਣ ਲੈ ਰੱਖੀ ਹੈ। ਉਹਨਾਂ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਵਲੋਂ ਬੁੱਧਵਾਰ ਨੂੰ ਜਾਰੀ ਇਕ ਵੀਡੀਓ ਸੰਦੇਸ਼ ਵਿਚ ਸਾਬਕਾ ਫੌਜ ਮੁਖੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਦਾ ਅਜਿਹਾ ਕੋਈ ਦੂਜਾ ਉਦਾਹਰਣ ਨਹੀਂ ਹੈ, ਜਿਸ ਵਿਚ ਨਾ ਤਾਂ ਦੋਸ਼ੀ ਹੈ ਨਾ ਹੀ ਉਸ ਦੇ ਵਕੀਲ ਨੂੰ ਆਪਣੇ ਬਚਾਅ ਵਿਚ ਕੁਝ ਕਹਿਣ ਦੀ ਆਗਿਆ ਦਿੱਤੀ ਗਈ। ਕਿਸੇ ਦਾ ਨਾਂ ਲਏ ਬਿਨਾਂ ਮੁਸ਼ੱਰਫ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਮੇਰੇ ਖਿਲਾਫ ਕੰਮ ਕੀਤਾ, ਉਹ ਉੱਚ ਅਹੁਦਿਆਂ 'ਤੇ ਬੈਠੇ ਹਨ ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹਨ।
 


Baljit Singh

Content Editor

Related News