ਟੀਕਾਕਰਨ ਦੇ ਬਾਵਜੂਦ ਕੋਵਿਡ-19 ਨਾਲ ਦੁਨੀਆ ਭਰ 'ਚ ਮੌਤਾਂ ਦਾ ਅੰਕੜਾ ਪਹੁੰਚਿਆ 40 ਲੱਖ ਦੇ ਪਾਰ
Thursday, Jul 08, 2021 - 11:20 AM (IST)
ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਨਾਲ ਗਲੋਬਲ ਮੌਤਾਂ ਦਾ ਅੰਕੜਾ ਜਿੱਥੇ ਬੁੱਧਵਾਰ ਨੂੰ 40 ਲੱਖ ਨੂੰ ਪਾਰ ਕਰ ਗਿਆ। ਉੱਥੇ ਵਾਇਰਸ ਦੇ ਬਹੁਤ ਛੂਤਕਾਰੀ ਡੈਲਟਾ ਵੈਰੀਐਂਟ ਦੇ ਸਾਹਮਣੇ ਆਉਣ ਮਗਰੋਂ ਟੀਕਾਕਰਨ ਨੂੰ ਤੇਜ਼ੀ ਨਾਲ ਅੰਜਾਮ ਦੇਣ ਦੀ ਕੋਸ਼ਿਸ਼ ਵੀ ਵੱਧ ਗਈ ਹੈ। ਅਮਰੀਕਾ ਦੀ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਧਿਕਾਰਤ ਸੂਤਰਾਂ ਵੱਲੋਂ ਸੰਕਲਿਤ ਡੇਢ ਸਾਲ ਵਿਚ ਹੋਈਆਂ ਮੌਤਾਂ ਦਾ ਇਹ ਅੰਕੜਾ ਪੀਸ ਰਿਸਰਚ ਇੰਸਟੀਚਿਊਟ ਓਸਲੋ ਦੇ ਅਨੁਮਾਨ ਮੁਤਾਬਕ 1982 ਦੇ ਬਾਅਦ ਦੁਨੀਆ ਵਿਚ ਜਿੰਨੇ ਵੀ ਯੁੱਧ ਹੋਏ ਹਨਸ ਉਹਨਾਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਦੇ ਲੱਗਭਗ ਬਰਾਬਰ ਹੈ।
ਇਹ ਗਿਣਤੀ ਹਰੇਕ ਸਾਲ ਦੁਨੀਆ ਭਰ ਵਿਚ ਵਾਪਰਦੇ ਸੜਕ ਹਾਦਸਿਆਂ ਵਿਚ ਮਾਰੇ ਜਾਣ ਵਾਲੇ ਲੋਕਾਂ ਤੋਂ ਤਿੰਨ ਗੁਣਾ ਵੱਧ ਹੈ।ਇਹ ਲਾਸ ਏਂਜਲਸ ਜਾਂ ਜਾਰਜੀਆ ਦੀ ਆਬਾਦੀ ਦੇ ਬਰਾਬਰ ਹੈ। ਇਹ ਗਿਣਤੀ ਹਾਂਗਕਾਂਗ ਦੀ ਅੱਧੀ ਆਬਾਦੀ ਤੋਂ ਵੱਧ ਜਾਂ ਨਿਊਯਾਰਕ ਸਿਟੀ ਦੀ ਲੱਗਭਗ 50 ਫੀਸਦੀ ਆਬਾਦੀ ਜਿੰਨੀ ਹੈ।ਇਸ ਦੇ ਬਾਵਜੂਦ ਜ਼ਿਆਦਾਤਰ ਦਾ ਇਹ ਮੰਨਣਾ ਹੈ ਕਿ ਇਹ ਗਿਣਤੀ ਅਸਲ ਸੰਖਿਆ ਨਹੀਂ ਹੈ ਕਿਉਂਕਿ ਜਾਂ ਤਾਂ ਕੁਝ ਮਾਮਲੇ ਨਜ਼ਰ ਵਿਚ ਨਹੀਂ ਆਏ ਜਾਂ ਕੁਝ ਨੂੰ ਜਾਣਬੁੱਝ ਕੇ ਲੁਕੋਇਆ ਜਾ ਰਿਹਾ ਹੈ।
ਟੀਕਾਕਰਨ ਸ਼ੁਰੂ ਹੋਣ ਦੇ ਬਾਅਦ ਤੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕੇ ਕਰੀਬ 7,900 'ਤੇ ਆ ਗਈ ਜੋ ਜਨਵਰੀ ਵਿਚ ਰੋਜ਼ਾਨਾ 18,000 ਤੋਂ ਉੱਪਰ ਸੀ ਪਰ ਹਾਲ ਹੀ ਦੇ ਹਫ਼ਤਿਆਂ ਵਿਚ ਪਹਿਲੀ ਵਾਰ ਭਾਰਤ ਵਿਚ ਮਿਲੇ ਵਾਇਰਸ ਦੇ ਬਦਲਦੇ ਵੈਰੀਐਂਟ ਡੈਲਟਾ ਨੇ ਦੁਨੀਆ ਭਰ ਵਿਚ ਹਫੜਾ-ਦਫੜੀ ਮਚਾ ਦਿੱਤੀ ਹੈ ਜੋ ਟੀਕਾਕਰਨ ਵਿਚ ਸਫਲ ਰਹੇ ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲ ਜਿਹੇ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਅਸਲ ਵਿਚ ਬ੍ਰਿਟੇਨ ਵਿਚ ਇਸ ਹਫ਼ਤੇ ਇਕ ਦਿਨ ਵਿਚ ਜਨਵਰੀ ਦੇ ਬਾਅਦ ਤੋਂ ਪਹਿਲੀ ਵਾਰ ਇਨਫੈਕਸ਼ਨ ਦੇ 30,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜਦਕਿ ਸਰਕਾਰ ਇਸ ਮਹੀਨੇ ਦੇ ਅਖੀਰ ਵਿਚ ਤਾਲਾਬੰਦੀ ਸੰਬੰਧੀ ਬਚੀ ਹੋਈਆਂ ਸਾਰੀਆਂ ਪਾਬੰਦੀਆਂ ਵੀ ਹਟਾਉਣ ਦੀ ਤਿਆਰੀ ਵਿਚ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਵੀਅਤਨਾਮ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ
ਹੋਰ ਦੇਸ਼ਾਂ ਨੇ ਮੁੜ ਤੋਂ ਸਾਵਧਾਨੀ ਤਹਿਤ ਉਪਾਅ ਲਾਗੂ ਕੀਤੇ ਹਨ ਅਤੇ ਅਧਿਕਾਰੀ ਟੀਕਾ ਲਗਾਉਣ ਲਈ ਮੁਹਿੰਮ ਤੇਜ਼ ਕਰ ਰਹੇ ਹਨ। ਉੱਥੇ ਇਸ ਆਫ਼ਤ ਨੇ ਸਹੂਲਤ ਪ੍ਰਾਪਤ ਅਤੇ ਕਮਜ਼ੋਰ ਦੇਸ਼ਾਂ ਵਿਚਾਲੇ ਦੀ ਫਰਕ ਨੂੰ ਵਧਾ ਦਿੱਤਾ ਹੈ, ਜਿੱਥੇ ਅਫਰੀਕਾ ਅਤੇ ਦੁਨੀਆ ਦੇ ਬਹੁਤ ਗਰੀਬ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਬਹੁਤ ਮੁਸ਼ਕਲ ਨਾਲ ਸ਼ੁਰੂ ਹੋਇਆ ਹੈ ਅਤੇ ਉਹ ਟੀਕਿਆਂ ਦੀ ਕਮੀ ਨਾਲ ਜੂਝ ਰਹੇ ਹਨ। ਅਮਰੀਕਾ ਅਤੇ ਹੋਰ ਅਮੀਰ ਦੇਸ਼ਾਂ ਨੇ ਸੰਘਰਸ਼ ਕਰ ਰਹੇ ਦੇਸ਼ਾਂ ਨੂੰ ਘੱਟੋ-ਘੱਟ ਇਕ ਅਰਬ ਟੀਕੇ ਦੇਣ 'ਤੇ ਸਹਿਮਤੀ ਜਤਾਈ ਹੈ।
ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿਚ ਹੋਈਆਂ ਹਨ ਜਿੱਥੇ 6 ਲੱਖ ਲੋਕਾਂ ਦੀ ਜਾਨ ਇਸ ਬੀਮਾਰੀ ਕਾਰਨ ਚਲੀ ਗਈ ਜਾਂ ਹਰ 7 ਵਿਚੋਂ 1 ਦੀ ਮੌਤ ਦੇਸ਼ ਵਿਚ ਹੀ ਹੋਈ ਹੈ।ਇਸ ਦੇ ਬਾਅਦ 5,20,000 ਮੌਤਾਂ ਬ੍ਰਾਜ਼ੀਲ ਵਿਚ ਹੋਈਆਂ ਜਿੱਥੇ ਮੰਨਿਆ ਜਾ ਰਿਹਾ ਹੈ ਕਿ ਅਸਲ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਜਿੱਥੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੀ ਸਰਕਾਰ ਨੇ ਲੰਬੇ ਸਮੇਂ ਤੱਕ ਵਾਇਰਸ ਨੂੰ ਘੱਟ ਕਰ ਕੇ ਜਾਣਿਆ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਦੀ ਚੋਟੀ ਦੇ ਟੀਕਾਕਰਨ ਅਧਿਕਾਰੀ ਐਨ ਲਿੰਡਸਟ੍ਰੇਂਡ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਦੇ ਵਿਭਿੰਨ ਵੈਰੀਐਂਟ ਟੀਕਿਆਂ ਤੱਕ ਆਸਾਨ ਪਹੁੰਚ ਅਤੇ ਸੰਪੰਨ ਦੇਸ਼ਾਂ ਵੱਲੋਂ ਸਾਵਧਾਨੀ ਵਿਚ ਢਿੱਲ ਇਕ ਜ਼ਹਿਰੀਲਾ ਸੁਮੇਲ ਹੈ ਜੋ ਬਹੁਤ ਖਤਰਨਾਕ ਹੈ।
ਨੋਟ-ਟੀਕਾਕਰਨ ਦੇ ਬਾਵਜੂਦ ਕੋਵਿਡ-19 ਨਾਲ ਦੁਨੀਆ ਭਰ 'ਚ ਮੌਤਾਂ ਦਾ ਅੰਕੜਾ ਪਹੁੰਚਿਆ 40 ਲੱਖ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।