ਕੈਲੀਫੋਰਨੀਆ 'ਚ ਦੰਦਾਂ ਦੇ ਡਾਕਟਰ ਵੀ ਲਗਾ ਸਕਣਗੇ ਲੋਕਾਂ ਨੂੰ ਕੋਰੋਨਾ ਟੀਕਾ
Thursday, Jan 07, 2021 - 07:51 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਵਿਚ ਕੋਵਿਡ-19 ਟੀਕਾਕਰਨ ਨੂੰ ਤੇਜ਼ ਕਰਨ ਦੇ ਯਤਨਾਂ ਤਹਿਤ ਸੂਬੇ ਵਿਚ ਦੰਦਾਂ ਦੇ ਡਾਕਟਰਾਂ ਵਲੋਂ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਹਰੀ ਝੰਡੀ ਦਿੱਤੀ ਗਈ ਹੈ। ਇਸ ਸੰਬੰਧੀ ਸੋਮਵਾਰ ਨੂੰ ਕੈਲੀਫੋਰਨੀਆ ਦੇ ਖਪਤਕਾਰ ਵਿਭਾਗ ਨੇ ਪਬਲਿਕ ਸਿਹਤ ਐਮਰਜੈਂਸੀ ਤਹਿਤ ਪ੍ਰਵਾਨਗੀ ਦਿੱਤੀ ਹੈ ਕਿ ਦੰਦਾਂ ਦੇ ਡਾਕਟਰਾਂ ਨੂੰ ਅਧਿਕਾਰਤ ਤੌਰ 'ਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਨੂੰ ਕੋਰੋਨਾ ਟੀਕੇ ਲਗਾਉਣ ਦੀ ਇਜਾਜ਼ਤ ਹੋਵੇਗੀ। ਇਸ ਦੇ ਇਲਾਵਾ ਹੁਕਮਾਂ ਮੁਤਾਬਕ ਇਹ ਡਾਕਟਰ ਐਲਰਜੀ ਦੇ ਇਲਾਜ ਲਈ ਵੀ ਟੀਕੇ ਦੁਆਰਾ ਐਪੀਨੇਫ੍ਰਾਈਨ ਜਾਂ ਡਿਫੇਨਹਾਈਡ੍ਰਾਮਾਈਨ ਦੇ ਸਕਦੇ ਹਨ।
ਇਨ੍ਹਾਂ ਹੁਕਮਾਂ ਅਨੁਸਾਰ ਮਰੀਜ਼ਾਂ ਨੂੰ ਟੀਕੇ ਲਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਦੰਦਾਂ ਦੇ ਡਾਕਟਰਾਂ ਨੂੰ ਬੀਮਾਰੀ ਕਾਬੂ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਤੋਂ ਇਕ ਸਿਖਲਾਈ ਪ੍ਰੋਗਰਾਮ ਪੂਰਾ ਕਰਨ ਬਾਰੇ ਵੀ ਕਿਹਾ ਗਿਆ ਹੈ। ਕੈਲੀਫੋਰਨੀਆ ਡੈਂਟਲ ਐਸੋਸੀਏਸ਼ਨ ਅਨੁਸਾਰ ਸੂਬੇ ਵਿਚ ਅੰਦਾਜ਼ਨ 36,000 ਦੰਦਾਂ ਦੇ ਡਾਕਟਰ ਹਨ, ਜੋ ਕਿ ਦੰਦਾਂ ਦੀ ਸਿੱਖਿਆ ਦੇ ਹਿੱਸੇ ਵਜੋਂ ਸਰੀਰਕ ਵਿਗਿਆਨ, ਪੈਥੋਲੋਜੀ, ਫਾਰਮਾਸੋਲੋਜੀ ਆਦਿ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ
ਟੀਕਾਕਰਨ ਪ੍ਰਕਿਰਿਆ ਸੰਬੰਧੀ ਗਵਰਨਰ ਨਿਊਸਮ ਅਨੁਸਾਰ ਕੈਲੀਫੋਰਨੀਆ ਦੇ ਲਗਭਗ 40 ਮਿਲੀਅਨ ਵਸਨੀਕਾਂ ਵਿਚੋਂ ਸਿਰਫ ਇਕ ਫ਼ੀਸਦੀ ਨੂੰ ਟੀਕਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਕੈਲੀਫੋਰਨੀਆ ਪਬਲਿਕ ਹੈਲਥ ਵਿਭਾਗ ਨੇ ਦੱਸਿਆ ਕਿ ਸੂਬੇ ਵਿਚ ਵੈਕਸੀਨ ਦੀਆਂ 4,54,000 ਖੁਰਾਕਾਂ ਦਿੱਤੀਆਂ ਗਈਆਂ ਹਨ ।
♦ਦੰਦਾਂ ਦੇ ਡਾਕਟਰਾਂ ਨੂੰ ਕੋਰੋਨਾ ਟੀਕਾ ਲਾਉਣ ਦੀ ਇਜਾਜ਼ਤ ਦੇਣ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ