ਰੋਮ ''ਚ ਫਲਸਤੀਨੀ ਪੱਖੀ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ, ਝੜਪ ਦੌਰਾਨ 30 ਪੁਲਸੀਏ ਜਖ਼ਮੀ (ਤਸਵੀਰਾਂ)

Sunday, Oct 06, 2024 - 04:49 PM (IST)

ਰੋਮ (ਦਲਵੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਵਿਖੇ ਪਾਬੰਦੀਆਂ ਦੇ ਬਾਵਜੂਦ ਫਲਸਤੀਨ ਪੱਖੀ ਹਜ਼ਾਰਾਂ ਦੇ ਵਿਸ਼ਾਲ ਇੱਕਠ ਨੇ ਰੋਸ ਮੁਜ਼ਾਹਰਾ ਕੀਤਾ, ਜਿਸ ਵਿੱਚ ਜੌਰਜੀਆ ਮੇਲੇਨੀ ਕਾਤਲ, ਫ੍ਰੀ ਫਲਸਤੀਨ, ਇਜ਼ਰਾਈਲ ਇੱਕ ਅਪਰਾਧਿਕ ਰਾਜ ਆਦਿ ਨਾਅਰੇ ਲਗਾਏ ਗਏ। ਉਨ੍ਹਾਂ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀ ਦੇ ਜਿਨ੍ਹਾਂ ਚੌਂਕ ਓਸਤੀਏਨਸਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੇਲੋਨੀ ਸਰਕਾਰ ਤੇ ਇਜ਼ਰਾਈਲ ਵਿਰੁੱਧ ਆਪਣੇ ਰੋਹ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਕਿ ਪ੍ਰਸ਼ਾਸ਼ਨ ਨੇ ਕਰਨ ਦੀ ਆਗਿਆ ਨਹੀਂ ਦਿੱਤੀ ਸੀ ਤੇ ਰਾਜਧਾਨੀ ਰੋਮ ਦੇ ਚੁਫੇਰਿਓ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰੋਮ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। 

PunjabKesari

ਬੇਸ਼ੱਕ ਕਿ ਖਰਾਬ ਮੌਸਮ ਤੇ ਤੇਜ ਮੀੰਹ ਦਾ ਜ਼ੋਰ ਸੀ ਪਰ ਇਸ ਦੇ ਬਾਵਜੂਦ ਹਜ਼ਾਰਾਂ ਪ੍ਰਦਰਸ਼ਨਕਾਰੀ ਰੋਮ ਦੀਆਂ ਸੜਕਾਂ ਤੇ ਉੱਤਰ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਵਿੱਚ ਕਾਮਯਾਬ ਹੋ ਗਏ।ਇਹ ਪ੍ਰਦਸਰ਼ਨ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਅੱਤਵਾਦੀਆਂ ਦੁਆਰਾ ਕੀਤੇ ਗਏ ਘਾਤਕ ਹਮਲੇ ਦੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਰੱਖਿਆ ਗਿਆ। ਇਸ ਹਮਲੇ ਵਿੱਚ 1200 ਲੋਕ ਮਾਰੇ ਗਏ ਸਨ ਜਦੋਂ ਕਿ 250 ਲੋਕ ਜਾਂ ਇਸ ਤੋਂ ਵੀ ਵੱਧ ਬੰਧਕ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ ਕਰੀਬ 100 ਲੋਕ ਹਾਲੇ ਵੀ ਗਾਜ਼ਾਨ ਸੁਰੰਗਾਂ ਵਿੱਚ ਜਿਉਂਦੇ ਮੰਨੇ ਜਾ ਰਹੇ ਹਨ।

PunjabKesari

ਹਮਾਸ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਜਵਾਬੀ ਕਾਰਵਾਈ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਸਮੇਤ 42000 ਨਾਗਰਿਕ ਮਰੇ ਸਨ।ਇਹ ਪ੍ਰਦਰਸ਼ਨ ਪਹਿਲਾਂ ਸਾਂਤੀਮਈ ਢੰਗ ਨਾਲ ਚੱਲ ਰਿਹਾ ਸੀ ਕਿ ਫਿਰ ਅਚਾਨਕ ਜਦੋਂ ਪ੍ਰਦਰਸ਼ਨਕਾਰੀਆਂ ਨੇ ਮਾਰਚ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਮੌਜੂਦ ਸੁੱਰਖਿਆ ਬਲ ਦਸਤਿਆਂ ਨੇ ਭੀੜ ਨੂੰ ਰੋਕਣ ਲਈ ਲੋਹੇ ਦੇ ਬੈਰੀਅਲ ਲਗਾ ਦਿੱਤੇ, ਜਿਸ ਕਾਰਨ ਮਾਹੌਲ ਬਹੁਤ ਹੀ ਤਣਾਅਪੂਰਨ ਹੋ ਗਿਆ।ਭੀੜ ਵੱਲੋਂ ਪੁਲਸ ਮੁਲਾਜ਼ਮਾਂ 'ਤੇ ਕਾਗਜ ਤੇ ਬੋਤਲਾਂ ਦੇ ਬਣਾਏ ਧੂੰਆਂ ਬੰਬਾਂ ਨੂੰ ਸੁੱਟਿਆ ਗਿਆ ਜਿਸ ਨੂੰ ਦੇਖਦਿਆਂ ਆਪਣੇ ਬਚਾਅ ਲਈ ਪੁਲਸ ਨੇ ਭੀੜ 'ਤੇ ਅਥਰੂ ਗੈਸ,ਪਾਣੀ ਤੇ ਲਾਠੀ ਚਾਰਜ ਕਰ ਦਿੱਤਾ। ਇਸ ਝੜਪ ਵਿੱਚ ਜਿੱਥੇ ਪ੍ਰਦਰਸ਼ਕਾਰੀ ਜ਼ਖ਼ਮੀ ਹੋਏ ਉੱਥੇ ਪੁਲਸ ਬਲਾਂ ਦੇ 30 ਮੁਲਾਜਮ ਵੀ ਜਖ਼ਮੀ ਹੋ ਗਏ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਸਜਿਦ 'ਤੇ ਇਜ਼ਰਾਇਲੀ ਫੌਜ ਦਾ ਹਵਾਈ ਹਮਲਾ, 18 ਲੋਕਾਂ ਦੀ ਮੌਤ

ਭੀੜ ਪੁਲਸ ਦਾ ਘੇਰਾ ਤੋੜਨ ਦਾ ਜ਼ੋਰ ਲਗਾ ਰਹੀ ਸੀ ਜਦੋਂ ਕਿ ਸੁੱਰਖਿਆ ਦਸਤੇ ਸ਼ਹਿਰ ਵਿੱਚ ਲੋਕਾਂ ਦੀ ਸੁੱਰਖਿਆ ਨੂੰ ਮੁੱਖ ਰੱਖਦਿਆਂ ਇਸ ਮਾਰਚ ਨੂੰ ਹਰ ਹਾਲਤ ਵਿੱਚ ਰੋਕਣਾ ਚਾਹੁੰਦੇ ਸਨ ਕਿਉਂਕਿ ਪੁਲਸ ਪ੍ਰਸ਼ਾਸ਼ਨ ਅਨੁਸਾਰ ਇਹ ਮਾਰਚ ਬਿਨ੍ਹਾਂ ਆਗਿਆ ਸੀ ਜਿਸ ਨੂੰ ਕਿਸੇ ਹਾਲਤ ਵਿੱਚ ਰੋਕਣਾ ਪੁਲਸ ਦੀ ਜ਼ਿੰਮੇਵਾਰੀ ਸੀ।ਪ੍ਰਦਰਸ਼ਨਕਾਰੀਆਂ ਤੇ ਪੁਲਸ ਦੀ ਆਪਸੀ ਝੜਪ ਗੁਰੀਲਾ ਜੰਗ ਵਾਂਗਰ ਚੱਲੀ ਜਿਸ ਵਿੱਚ ਰਾਜਧਾਨੀ ਰੋਮ ਦੀ ਅਮਨ ਸਾਂਤੀ ਨੂੰ ਭੰਗ ਕਰਨ ਲਈ ਫਲਸਤੀਨੀ ਪ੍ਰਦਰਸ਼ਨਕਾਰੀਆਂ ਇਟਲੀ ਦੇ ਕਾਨੂੰਨ ਦੀਆਂ ਧੱਜੀਆ ਉਡਾਉਣ ਦੀ ਆਪਣੀ ਵਾਹ ਲਗਾ ਦਿੱਤੀ। ਨਤੀਜੇ ਵਜੋਂ ਕਈ ਪ੍ਰਦਰਸ਼ਨਕਾਰੀ ਪੁਲਸ ਨੇ ਸਖ਼ਤ ਘੇਰੇ ਵਿੱਚ ਰੱਖੇ ਤੇ ਆਖਿਰ ਵਿੱਚ 5 ਲੋਕਾਂ ਨੂੰ ਗ੍ਰਿਫ਼਼ਤਾਰ ਵੀ ਕੀਤਾ।ਦਹਿਸ਼ਤ ਦਾ ਮਾਹੌਲ ਬਣਨ ਕਰਕ ਆਮ ਲੋਕ ਕਾਫ਼ੀ ਸਹਿਮੇ ਦੇਖੇ ਗਏ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿ ਰੋਮ ਵਿਖੇ ਜੋ ਵੀ ਅਪਮਾਨਿਤ ਤੇ ਬੇਤੁਕੀ ਹਿੰਸਾ ਨੂੰ ਵਧਾਉਣ ਲਈ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਹਮਲਾ ਕੀਤਾ ਉਹ ਗ਼ਲਤ ਹੈ ।ਉਹ ਪੁਲਸ ਪ੍ਰਸ਼ਾਸ਼ਨ ਦੇ ਕੰਮ ਦੀ ਤਾਰੀਫ਼ ਕਰਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਿਨ੍ਹਾਂ ਡਰ ਅੰਜਾਮ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News