ਇਟਲੀ ''ਚ ਕਰਵਾਏ ਜਾਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਈ ਦੇਸਾਂ ਜੀ ਨੂੰ ਦਿੱਤੀਆਂ ਨਿਸ਼ਾਨੀਆਂ ਦੇ ਦਰਸ਼ਨ
Monday, Dec 16, 2024 - 06:32 PM (IST)
ਮਿਲਾਨ/ਰੋਮ (ਸਾਬੀ ਚੀਨੀਆ/ਦਲਬੀਰ ਕੈਂਥ)- ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੁਆਰਾ 1706 ਈ ਵਿੱਚ ਮਾਈ ਦੇਸਾਂ ਜੀ ਨੂੰ ਜੋ ਨਿਸ਼ਾਨੀਆਂ ਭੇਂਟ ਕੀਤੀਆਂ ਸਨ, ਉਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਯੂਰਪ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾ ਰਹੇ ਹਨ। ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਵਿੱਚ ਪੈਂਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਵਿਖੇ ਮਾਈ ਦੇਸਾਂ ਨੂੰ ਦਿੱਤੀਆਂ ਨਿਸ਼ਾਨੀਆਂ ਦੇ ਦਰਸ਼ਨ 26 ਦਸੰਬਰ ਦਿਨ ਵੀਰਵਾਰ ਸਵੇਰੇ 11 ਵਜੇ ਨੂੰ ਕਰਵਾਏ ਜਾਣਗੇ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 26 ਦਸੰਬਰ ਨੂੰ ਸਵੇਰੇ 10 ਵਜੇ ਭਾਈ ਲਾਲ ਸਿੰਘ ਜੀ ਦੇ ਪਰਿਵਾਰ ਦੁਆਰਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਜਾ ਰਹੀ ਹੈ। ਮਾਈ ਦੇਸਾਂ ਜੀ ਦੇ ਮੁੱਖ ਸੇਵਾਦਾਰ ਭਾਈ ਜਸਵੀਰ ਸਿੰਘ ਮਾਈ ਦੇਸਾਂ ਜੀ ਦੇ 10ਵੇਂ ਵੰਸ਼ਜ ਗੁਰੂ ਸਾਹਿਬ ਦੀ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 26 ਦਸੰਬਰ ਨੂੰ ਪਹੁੰਚ ਰਹੇ ਹਨ। ਉਨ੍ਹਾਂ ਇਟਲੀ ਵੱਸਦੀ ਸਮੁੱਚੀ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।