ਯੂ. ਐੱਸ. ਕੈਪੀਟਲ ਹਿੱਲ ’ਚ ਪੈਲੋਸੀ ਦਾ ਕਤਲ ਕਰਨਾ ਚਾਹੁੰਦੀ ਸੀ ਭੀੜ : ਡੈਮੋਕ੍ਰੇਟਿਕ ਆਗੂ
Friday, Feb 12, 2021 - 10:41 AM (IST)
ਵਾਸ਼ਿੰਗਟਨ, (ਏਜੰਸੀਆਂ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਦੂਸਰੀ ਵਾਰ ਮਹਾਦੋਸ਼ ਪ੍ਰਸਤਾਵ ਲਿਆਉਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰਾਂ ਨੇ ਪਿਛਲੇ ਮਹੀਨੇ ਕੈਪੀਟਲ ਹਿੱਲ (ਸੰਸਦ ਭਵਨ) ’ਚ ਹੋਈ ਹਿੰਸਾ ਦੇ ਵੀਡੀਓ ਦੇਖੇ। ਸਾਹਮਣੇ ਆਈਆਂ ਵੀਡੀਓਜ਼ ਤੋਂ ਪਤਾ ਲੱਗਾ ਕਿ ਸ਼ਰਾਰਤੀ ਅਨਸਰ ਸੰਸਦ ’ਚ ਮੌਜੂਦਾ ਸੀਨੇਟਰਾਂ ਦੇ ਬਹੁਤ ਨੇੜੇ ਪਹੁੰਚ ਗਏ ਸਨ ਤੇ ਪੁਲਸ ਰਾਜਨੇਤਾਵਾਂ ਦੀ ਸੁਰੱਖਿਆ ਲਈ ਬਹੁਤ ਪਰੇਸ਼ਾਨ ਦਿਖਾਈ ਦੇ ਰਹੀ ਹੈ। ਨਾਲ ਹੀ ਵੀਡੀਓਜ਼ ਵਿਚ ਸ਼ਰਾਰਤੀ ਅਨਸਰਾਂ ਨੂੰ ਸੰਸਦ ਭਵਨ ਕੰਪਲੈਕਸ ’ਚ ਭੰਨ-ਤੋੜ ਕਰਦਿਆਂ ਵੀ ਦੇਖਿਆ ਗਿਆ ਹੈ।
ਅਮਰੀਕਾ ’ਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਯੂ. ਐੱਸ. ਕੈਪੀਟਲ ਕੰਪਲੈਕਸ ਤੋਂ ਪੁਲਸ ਨੇ 6 ਜਨਵਰੀ ਨੂੰ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਨਸੀ ਪੈਲੋਸੀ ਨੂੰ ਇਸ ਲਈ ਬਾਹਰ ਕੱਢਿਆ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਸੀ। ਡੋਨਾਲਡ ਟਰੰਪ ਦੇ ਖ਼ਿਲਾਫ਼ ਦੂਸਰੀ ਵਾਰ ਚਲਾਏ ਜਾ ਰਹੇ ਮਹਾਦੋਸ਼ ਦੀ ਸੁਣਵਾਈ ਦੌਰਾਨ ਵਕੀਲਾਂ ਨੇ ਇਕ ਆਡੀਓ ਟੇਪ ਚਲਾਈ, ਜਿਸ ਵਿਚ ਨੈਂਨਸੀ ਪੈਲੋਸੀ ਦੇ ਮੁਲਾਜ਼ਮ ਮਦਦ ਲਈ ਚੀਖਦੇ ਸੁਣਾਈ ਦੇ ਰਹੇ ਸਨ। ਉਨ੍ਹਾਂ ਨੇ ਅਜਿਹੀਆਂ ਤਸਵੀਰਾਂ ਵੀ ਦਿਖਾਈਆਂ ਜਿਨ੍ਹਾਂ ਵਿਚ ਭੀੜ ਪੈਲੋਸੀ ਦੇ ਦਫ਼ਤਰ ਦੇ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਦਿਖ ਰਹੀ ਹੈ।
ਪੈਲੋਸੀ (80) ਜ਼ਿਆਦਾਤਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ ’ਤੇ ਰਹਿੰਦੀ ਸੀ। ਪ੍ਰਤੀਨਿਧੀ ਸਭਾ ਦੇ ਮਹਾਦੋਸ਼ ਪ੍ਰਬੰਧਕ ਸਟੇਸੀ ਪਲਾਸਕੇਟ ਨੇ ਕਿਹਾ ਕਿ ਪੈਲੋਸੀ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ ਕਿਉਂਕਿ ਕੁਝ ਦੰਗਾਕਾਰੀ ਉਨ੍ਹਾਂ ਦਾ ਕਤਲ ਕਰ ਸਕਦੇ ਸਨ। ਉਨ੍ਹਾਂ ਨੇ ਇਸ ਲਈ ਅਜਿਹਾ ਕੀਤਾ ਕਿਉਂਕਿ ਟਰੰਪ ਨੇ ਉਨ੍ਹਾਂ ਨੂੰ ਇਸ ਮਿਸ਼ਨ ’ਤੇ ਭੇਜਿਆ ਸੀ।
ਸਬੂਤ ਦੱਸਣਗੇ ਕਿ ਟਰੰਪ ਨਿਰਦੋਸ਼ ਨਹੀਂ : ਰਸਕਿਨ
ਸੀਨੇਟ ਦੇ ਸੰਸਦ ਮੈਂਬਰ ਜੈਮੀ ਰਸਕਿਨ ਨੇ ਟਰੰਪ ’ਤੇ ਕੈਪੀਟਲ ਕੰਪਲੈਕਸ ’ਚ ਦੰਗਾ ਕਰਨ ਲਈ ਇਕ ਵਿਦਰੋਹੀ ਭੀੜ ਨੂੰ ਉਕਸਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਦੇ ਕਈ ਡੈਮੋਕ੍ਰੇਟਿਕ ਸਾਥੀਆਂ ਨੇ ਸੀਨੇਟ ’ਚ ਇਸ ਦਾ ਸਮਰਥਨ ਕੀਤਾ। ਰਸਕਿਨ ਨੇ ਕਿਹਾ ਕਿ ਸਬੂਤ ਦੱਸਣਗੇ ਕਿ ਸਾਬਕਾ ਰਾਸ਼ਟਰਪਤੀ ਨਿਰਦੋਸ਼ ਨਹੀਂ ਹਨ। ਇਸ ਦਰਮਿਆਨ, ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਵੀ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਦਾ ਸਮਰਥਨ ਕੀਤਾ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਪਿਛਲੇ ਮਹੀਨੇ ਸੰਸਦ ਭਵਨ ਅਤੇ ਸਾਡੇ ਲੋਕਤੰਤਰੀ ਸੰਸਥਾਨਾਂ ’ਤੇ ਹਮਲਾ ਕਰਨ ਵਾਲੀ ਭੀੜ ਨੂੰ ਭੜਕਾਇਆ। ਅੱਜ ਉਨ੍ਹਾਂ ਨੂੰ ਸਜ਼ਾ ਦਿੱਤੇ ਜਾਣ ਦੀ ਲੋੜ ਹੈ।