ਅਮਰੀਕਾ ’ਚ ਲੋਕਤੰਤਰਿਕ ਸੁਧਾਰ ਤੇ ਵੋਟ ਦਾ ਅਧਿਕਾਰ ਰਾਸ਼ਟਰੀ ਸੁਰੱਖਿਆ ਦੇ ਮੁੱਦੇ : ਵ੍ਹਾਈਟ ਹਾਊਸ

Tuesday, Jun 08, 2021 - 03:28 PM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੈਕ ਸੁਲਿਵਨ ਨੇ ਕਿਹਾ ਹੈ ਕਿ ਅਮਰੀਕਾ ’ਚ ਲੋਕਤੰਤਰਿਕ ਸੁਧਾਰ ਅਤੇ ਵੋਟ ਦੇ ਅਧਿਕਾਰਾਂ ਦੀ ਮੂਲ ਭਾਵਨਾ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਹਨ। ਸੁਲਿਵਨ ਨੇ ਇਹ ਗੱਲ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੇ ਪਹਿਲੇ ਵਿਦੇਸ਼ੀ ਦੌਰੇ ਤੋਂ ਪਹਿਲਾਂ ਕਹੀ। ਜ਼ਿਕਰਯੋਗ ਹੈ ਕਿ ਬਾਈਡੇਨ ਇਸ ਦੌਰੇ ਦੌਰਾਨ ਬ੍ਰਿਟੇਨ, ਬ੍ਰਸਲਜ਼ ਅਤੇ ਜੇਨੇਵਾ ਜਾਣਗੇ। ਉਹ ਜੀ-7 ਸ਼ਿਖਰ ਸੰਮੇਲਨ ’ਚ ਵੀ ਸ਼ਾਮਲ ਹੋਣਗੇ।

ਸੁਲਿਵਨ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, “ਸਾਡਾ ਮੁਕਾਬਲਾ ਤਾਨਾਸ਼ਾਹੀ ਸ਼ਾਸਨ ਦੇ ਮਾਡਲਾਂ ਨਾਲ ਹੈ। ਅਸੀਂ ਦੁਨੀਆ ਨੂੰ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਅਮਰੀਕੀ ਲੋਕਤੰਤਰ ਅਤੇ ਸਪੱਸ਼ਟ ਲੋਕਤੰਤਰਿਕ ਪ੍ਰਣਾਲੀਆਂ ਕੰਮ ਕਰਨ ’ਚ ਸਮਰੱਥ ਹਨ ਅਤੇ ਲੋਕਾਂ ਦੀ ਇੱਛਾ ਅਨੁਸਾਰ ਪ੍ਰਭਾਵੀ ਨਤੀਜੇ ਦੇਣ ’ਚ ਵੀ ਸਮਰੱਥ ਹਨ। ਜੇ ਅਸੀਂ ਆਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਆਪਣੀਆਂ ਲੋਕਤੰਤਰਿਕ ਪ੍ਰਕਿਰਿਆਵਾਂ ਆਦਿ ’ਚ ਸੁਧਾਰ, ਅਪਡੇਟ ਅਤੇ ਨਵੀਨੀਕਰਨ ਨਹੀਂ ਕਰਦੇ ਤਾਂ ਬਾਕੀ ਵਿਸ਼ਵ, ਚੀਨ, ਰੂਸ ਜਾਂ ਕੋਈ ਹੋਰ, ਇਸ ਨੁਕਤੇ ਨੂੰ ਜਿੰਨਾ ਹੋ ਸਕੇ ਦ੍ਰਿੜ੍ਹ ਨਹੀਂ ਕਰ ਸਕੇਗਾ।

ਐੱਨ. ਐੱਸ. ਏ. ਨੇ ਕਿਹਾ ਕਿ ਇਸ ਲਈ ਇਸ ਦਾ ਰਾਸ਼ਟਰੀ ਸੁਰੱਖਿਆ ਪੱਖ ਵੀ ਹੈ, ਜਿਵੇਂ ਕਿ ਸੀਤ ਯੁੱਧ ਦੌਰਾਨ ਹੋਇਆ ਸੀ। ਉਨ੍ਹਾਂ ਨੇ ਕਿਹਾ, “ਅਮਰੀਕਾ ’ਚ ਲੋਕਤੰਤਰਿਕ ਸੁਧਾਰ ਅਤੇ ਵੋਟ ਦੇ ਅਧਿਕਾਰਾਂ ਦੀ ਮੂਲ ਭਾਵਨਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ।” ਉਨ੍ਹਾਂ ਕਿਹਾ ਕਿ ਅਮਰੀਕਾ ਨੇ ਦਿਖਾਇਆ ਹੈ ਕਿ ਉਹ ਕੋਰੋਨਾ ਮਹਾਮਾਰੀ ਦੇ ਸਬੰਧ ’ਚ ਸਥਿਤੀ ਨੂੰ ਬਦਲਣ ’ਚ ਸਮਰੱਥ ਹੈ, ਜੋ ਖੋਜ ਅਤੇ ਵਿਕਾਸ ’ਚ ਨਵੀਨਤਾ ਅਤੇ ਕਾਰਜਬਲ ਲਈ ਨਿਵੇਸ਼ ਕਰ ਸਕਦਾ ਹੈ।

 


Manoj

Content Editor

Related News