ਇਟਲੀ ’ਚ ਘਟ ਰਹੀ ਜਨਮ ਦਰ ਨੇ ਵਧਾਈ ਸਰਕਾਰ ਦੀ ਪ੍ਰੇਸ਼ਾਨੀ, ਨੌਜਵਾਨਾਂ ਨਾਲੋਂ ਬਜ਼ੁਰਗ ਜ਼ਿਆਦਾ

Wednesday, May 19, 2021 - 04:30 PM (IST)

ਇਟਲੀ ’ਚ ਘਟ ਰਹੀ ਜਨਮ ਦਰ ਨੇ ਵਧਾਈ ਸਰਕਾਰ ਦੀ ਪ੍ਰੇਸ਼ਾਨੀ, ਨੌਜਵਾਨਾਂ ਨਾਲੋਂ ਬਜ਼ੁਰਗ ਜ਼ਿਆਦਾ

ਰੋਮ (ਦਲਵੀਰ ਕੈਂਥ)-ਇਟਲੀ ’ਚ ਲੋਕਾਂ ਵਿਚ ਵਿਆਹ ਕਰਵਾਉਣ ਦਾ ਰੁਝਾਨ ਘੱਟ ਅਤੇ ਤਲਾਕ ਜ਼ਿਆਦਾ ਹੋਣ ਦੇ ਰੁਝਾਨ ਕਾਰਨ ਇਟਲੀ ਦੀ ਆਬਾਦੀ ਜਿਥੇ ਪਿਛਲੇ ਸਾਲਾਂ ਨਾਲੋਂ ਘਟੀ ਹੈ, ਉੱਥੇ ਹੀ ਇਟਲੀ ਦੀ ਜਨਮ ਦਰ ’ਤੇ ਇਸ ਦਾ ਕਾਫ਼ੀ ਅਸਰ ਪੈ ਰਿਹਾ ਹੈ। ਇਸੇ ਕਾਰਨ ਇਟਲੀ ’ਚ  ਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਾਤ ਦੇ ਮੁਖੀ ਨੇ ਸ਼ੁੱਕਰਵਾਰ ਕਿਹਾ ਕਿ ਇਟਲੀ ਦੀ ਜਨਮ ਦਰ ਇਸ ਸਾਲ ਹੇਠਾਂ ਆਉਣ ਵਾਲੇ ਰੁਝਾਨ ’ਤੇ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ  ਜਨਮ ਦਰ 4,00,000 ਅੰਕ ਤੋਂ ਹੇਠਾਂ ਜਾ ਰਹੀ ਹੈ।

ਇਟਲੀ ਦੀ ਰਾਸ਼ਟਰੀ ਅੰਕੜਾ ਸਰਵੇਖਣ ਸੰਸਥਾ ਇਸਤਾਤ ਦੇ ਮੁਖੀ ਕਾਰਲੋ ਬਲਾਂਗੀਆਰਦੋ ਨੇ ਫੋਰਮ ਆਫ ਇਟਾਲੀਅਨ ਫ਼ੈਮਿਲੀ ਐਸੋਸੀਏਸ਼ਨ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਇਹ ਜਾਣਕਾਰੀ ਸਾਂਝੀ ਕੀਤੀ ਕਿ 2020 ’ਚ ਇਟਲੀ ’ਚ 4,04,000 ਦੇ ਕਰੀਬ ਬੱਚਿਆਂ ਨੇ ਜਨਮ ਲਿਆ ਪਰ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2021 ’ਚ ਜਨਮ ਦਰ 3,84,000 ਤੋਂ ਲੈ ਕੇ 3,93,000 ਦੇ ਵਿਚਕਾਰ ਰਹਿ ਸਕਦੀ ਹੈ, ਜੋ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਵਿਚਾਰਨਯੋਗ ਹੈ ਕਿਉਂਕਿ ਕਿਸੇ ਵੀ ਦੇਸ਼ ਦਾ ਭੱਵਿਖ ਨੌਜਵਾਨ ਵਰਗ ਹੁੰਦਾ ਹੈ। ਜੇਕਰ ਇਟਲੀ ’ਚ ਬੱਚਿਆਂ ਦੀ ਜਨਮ ਦਰ ਹੀ ਘੱਟ ਰਹੇਗੀ ਤਾਂ ਨੌਜਵਾਨ ਕਿੱਥੋਂ ਆਉਣੇ ਹਨ। ਦੂਜੇ ਪਾਸੇ ਐਰੋਸਤਾਤ ਇਤਾਲੀਅਨ ਨੇ ਇਸ ਗੱਲ ਖੁਲਾਸਾ ਕਰਦਿਆਂ ਕਿਹਾ ਕਿ ਇਟਲੀ ’ਚ ਵਿਆਹ ਦਰ ਵੀ ਲਗਾਤਾਰ ਗਿਰਾਵਟ ਵੱਲ ਹੈ ।

ਸੰਨ 2019 ’ਚ ਯੂਰਪ ਭਰ ’ਚੋਂ ਸਭ ਤੋਂ ਘੱਟ ਵਿਆਹ ਹੋਏ ਸਨ, ਜਿਸ ਦੀ ਦਰ 1000 ਲੋਕਾਂ ’ਤੇ 3.1 ਸੀ, ਜਦਕਿ ਸੰਨ 2018 ’ਚ ਇਹ ਦਰ 3.2 ਸੀ । ਯੂਰਪੀਅਨ ਦੇਸ਼ ਸਾਈਪ੍ਰਸ ’ਚ 1000 ਲੋਕਾਂ ’ਤੇ ਵਿਆਹ ਦੀ ਦਰ 8.9 ਹੈ, ਜਿਹੜੀ ਯੂਰਪੀਅਨ ਦੇਸ਼ਾਂ ’ਚ ਸਭ ਤੋਂ ਜ਼ਿਆਦਾ ਹੈ।ਇਟਲੀ ’ਚ ਜਿੱਥੇ ਬੱਚਿਆਂ ਦੀ ਜਨਮ ਦਰ ਤੇ ਵਿਆਹ ਦੀ ਦਰ ਲਗਾਤਾਰ ਘੱਟ ਰਹੀ ਹੈ, ਉੱਥੇ ਤਲਾਕ ਦੀ ਦਰ ਵਧ ਰਹੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਜਿੱਥੇ ਖਟਾਸ ’ਚੋਂ ਲੰਘਦੀ ਹੋਈ ਸਰਕਾਰ ਲਈ ਡੂੰਘੀ ਚਿੰਤਾ ਦਾ ਕਾਰਨ ਬਣ ਰਹੀ ਹੈ।
 


author

Manoj

Content Editor

Related News