ਮੱਧ ਚੀਨ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 51, ਕਰੀਬ 10 ਅਰਬ ਡਾਲਰ ਦਾ ਨੁਕਸਾਨ
Friday, Jul 23, 2021 - 05:43 PM (IST)
ਬੀਜਿੰਗ (ਭਾਸ਼ਾ): ਮੱਧ ਚੀਨ ਵਿਚ ਸਦੀਆਂ ਦੇ ਸਭ ਤੋਂ ਭਾਰੀ ਮੀਂਹ ਮਗਰੋਂ ਆਏ ਹੜ੍ਹ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ ਅਤੇ 10 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਜਤਾਇਆ ਗਿਆ ਹੈ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਕਰੀਬ 1000 ਸਾਲਾਂ ਵਿਚ ਸਭ ਤੋਂ ਭਾਰੀ ਮੀਂਹ ਕਾਰਨ ਹੇਨਾਨ ਸੂਬੇ ਵਿਚ ਕਰੀਬ 30 ਲੱਖ ਲੋਕ ਪ੍ਰਭਾਵਿਤ ਹੋਏ ਅਤੇ ਕੁੱਲ 376,000 ਸਥਾਨਕ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।
ਸਰਕਾਰੀ ਚਾਈਨਾ ਡੇਲੀ ਅਖ਼ਬਾਰ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਝੇਂਗਝੋਉ ਦੀ ਸੂਬਾਈ ਰਾਜਧਾਨੀ ਹੇਨਾਨ ਵਿਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 51 ਹੋ ਗਈ ਹੈ। ਆਰਥਿਕ ਨੁਕਸਾਨ ਵੱਧ ਕੇ 10 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਕਰੀਬ 1.2 ਕਰੋੜ ਦੀ ਆਬਾਦੀ ਵਾਲੇ ਝੇਂਗਝੇਉ ਸ਼ਹਿਰ ਵਿਚ ਜਨਜੀਵਨ ਸਧਾਰਨ ਹੋ ਰਿਹਾ ਹੈ ਅਤੇ ਬਚਾਅ ਕਰਮੀ ਹੜ੍ਹ ਵਿਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਹਸਪਤਾਲਾਂ ਦੇ ਹੜ੍ਹ ਵਿਚ ਡੁੱਬਣ ਕਾਰਨ ਵੀਰਵਾਰ ਨੂੰ ਅਧਿਕਾਰੀ ਮਰੀਜ਼ਾਂ ਨੂੰ ਬਚਾਉਣ ਲਈ ਰਵਾਨਾ ਹੋਏ।
ਪੜ੍ਹੋ ਇਹ ਅਹਿਮ ਖਬਰ- ਨੀਦਰਲੈਂਡ ਦੇ ਅਰਨਹੇਮ ਸ਼ਹਿਰ ਨੇ ਚੀਨ ਦੇ ਵੁਹਾਨ ਸ਼ਹਿਰ ਨਾਲ ਤੋੜਿਆ ਰਿਸ਼ਤਾ
ਹਾਂਗਕਾਂਗ ਸਥਿਤ ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਝੇਂਗਝੇਉ ਨੇ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਦਾ ਪੱਧਰ ਘੱਟ ਕਰ ਦਿੱਤਾ ਹੈ ਪਰ ਹੇਨਾਨ ਸੂਬੇ ਦੇ ਹੋਰ ਹਿੱਸਿਆਂ ਵਿਚ ਹਾਲੇ ਵੀ ਮੀਂਹ ਦਾ ਕਹਿਰ ਜਾਰੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਸ਼ਹਿਰ ਵਿਚ 8000 ਤੋਂ ਵੱਧ ਮਿਲਟਰੀ ਕਰਮੀਆਂ ਨੇ 10 ਵੱਖ-ਵੱਖ ਖਤਰੇ ਵਾਲੇ ਖੇਤਰਾਂ ਵਿਚ ਕੰਮ ਕੀਤਾ। ਲੋੜੀਂਦੇ ਸਾਮਾਨਦੀ ਸਪਲਾਈ ਲਈ ਸ਼ਹਿਰ ਵਿਚ ਦਾਨ ਕੇਂਦਰ ਬਣਾਏ ਗਏ ਹਨ। ਇਸ ਵਿਚਕਾਰ ਪੰਜ ਬਚਾਅ ਦਲ ਹੜ੍ਹ ਵਿਚ ਫਸੇ ਲੋਕਾਂ ਜਾਂ ਜ਼ਖਮੀਆਂ ਦੀ ਮਦਦ ਕਨ ਲਈ ਨੇੜਲੇ ਪਿੰਡਾਂ ਦਾ ਦੌਰਾਨ ਕਰ ਰਹੇ ਹਨ ਅਤੇ ਉਹ ਸੜਕਾਂ ਤੋਂ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਗੌਰਤਲਬ ਹੈ ਕਿ ਸ਼ਹਿਰ ਦੇ ਵਿਭਿੰਨ ਹਿੱਸਿਆਂ ਵਿਚ ਭਾਰੀ ਮੀਂਹ ਕਾਰਨ ਆਈ ਹੜ੍ਹ ਨਾਲ ਸੜਕਾਂ ਨਦੀਆਂ ਵਿਚ ਤਬਦੀਲ ਹੋ ਗਈਆਂ, ਲੋਕ ਅਤੇ ਗੱਡੀਆਂ ਰੁੜ੍ਹ ਗਏ।