ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ, ਕੁਝ ਮਹੀਨਿਆਂ ''ਚ ਵਿਆਹ ਕਰਾਉਣ ਜਾਣਾ ਸੀ ਪੰਜਾਬ

Wednesday, Apr 16, 2025 - 10:10 PM (IST)

ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ, ਕੁਝ ਮਹੀਨਿਆਂ ''ਚ ਵਿਆਹ ਕਰਾਉਣ ਜਾਣਾ ਸੀ ਪੰਜਾਬ

ਰੋਮ (ਦਲਵੀਰ ਸਿੰਘ ਕੈਂਥ) : ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਸੰਤਾ ਮਰੀਆਂ (ਲਾਤੀਨਾ) ਵਿਖੇ ਬੀਤੇ ਦਿਨ ਇੱਕ 34 ਸਾਲਾ ਪੰਜਾਬੀ ਨੌਜਵਾਨ ਸਤਵਿੰਦਰ ਪਾਲ ਸਿੰਘ (ਸੈਮੀ) ਕੰਮ ਦੌਰਾਨ ਸਟਰਿੰਗ ਤੋ ਡਿੱਗ ਜਾਣ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ 'ਤੇ ਹੈਲੀਕਾਪਟਰ ਰਾਹੀਂ ਰਾਜਧਾਨੀ ਰੋਮ ਦੇ ਸੰਨ ਕਮੀਲੋ ਵੱਡੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿੱਥੇ ਕਿ ਅੱਜ ਸਵੇਰੇ 9 ਵਜੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਪਿਛਲੇ ਪੰਜ ਦਿਨਾਂ ਤੋਂ ਰੋਮ ਦੇ ਹਸਪਤਾਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਿਹਾ ਸਤਵਿੰਦਰ ਸਿੰਘ ਅੱਜ ਜਿੰਦਗੀ ਦੀ ਜੰਗ ਹਾਰ ਗਿਆ, ਜਿਸ ਕਾਰਨ ਇਲਾਕੇ ਭਰ ਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। 

ਇਸ ਮੰਦਭਾਗੀ ਖਬਰ ਦੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਸਿੱਖ ਆਗੂ ਨੱਛਤਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਲਾਤੀਨਾ ਨੇ ਦੱਸਿਆ ਕਿ ਇਹ ਨੌਜਵਾਨ ਸੰਨ 2009 ਵਿੱਚ ਇਟਲੀ 9 ਮਹੀਨੇ ਵਾਲੇ ਪੇਪਰਾਂ ਉਪੱਰ ਘਰ ਦੀ ਗਰੀਬੀ ਦੂਰ ਕਰਨ ਤੇ ਭੱਵਿਖ ਨੂੰ ਬਿਹਤਰ ਬਣਾਉਣ ਇਟਲੀ ਆਇਆ ਸੀ ਪਰ ਕੀ ਖਬਰ ਸੀ ਕਿ ਘਰ ਦੀ ਤੰਗੀਆਂ ਤਰੁੱਛੀਆਂ ਉਸ ਨੂੰ ਜਿਉਂਦਿਆ ਭਾਰਤ ਨਹੀਂ ਜਾਣ ਦੇਣਗੀਆਂ ਤੇ 15-16 ਬਾਅਦ ਉਸ ਦੇ ਪਿੰਡ ਇਹ ਹੀ ਖਬ਼ਰ ਜਾਵੇਗੀ ਕਿ ਸਤਵਿੰਦਰ ਪਾਲ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਬੁੱਢੀ ਮਾਂ ਦਾ ਸਹਾਰਾ ਬਣਨ ਤੇ ਛੋਟੇ ਭਰਾ ਦੇ ਭੱਵਿਖ ਨੂੰ ਉਜਵੱਲ ਬਣਾਉਣ ਲਈ ਇਟਲੀ ਆਏ ਮਰਹੂਮ ਸਤਵਿੰਦਰਪਾਲ ਸਿੰਘ ਦੇ 1-2 ਸਾਲ ਪਹਿਲਾਂ ਹੀ ਪੱਕੇ ਪੇਪਰ ਬਣੇ ਸਨ ਤੇ ਕੁਝ ਮਹੀਨਿਆਂ ਵਿੱਚ ਹੀ ਉਹ ਵਿਆਹ ਕਰਵਾਉਣ ਨੂੰ ਪੰਜਾਬ ਜਾਣ ਵਾਲਾ ਸੀ। ਜਿਹੜੀ ਇਟਲੀ ਵਿੱਚ ਉਸ ਨੇ ਮਿਹਨਤ ਮਜ਼ਦੂਰ ਕਰ ਕਮਾਈ ਕੀਤੀ, ਉਸ ਦੇ ਉਹ ਪਿੰਡ ਮਕਾਨ ਬਣਾ ਰਿਹਾ ਸੀ ਪਰ ਕੀ ਖਬਰ ਸੀ ਕਿ ਹੋਣੀ ਉਸ ਨੂੰ ਇਨ੍ਹਾਂ ਮਕਾਨਾਂ ਵਿੱਚ ਰਹਿਣ ਦਾ ਸਮਾਂ ਨਹੀਂ ਦੇਵੇਗੀ। ਮਰਹੂਮ ਸਤਵਿੰਦਰ ਪਾਲ ਸਿੰਘ ਦੀ ਮਾਂ ਦੇ ਸੁਪਨੇ ਜਿਹੜੇ ਉਸ ਨੇ ਪੁੱਤ ਨੂੰ ਵਿਆਹੁਣ ਦੇ ਦੇਖੇ ਸਨ ਉਹ ਹੁਣ ਸਾਰੇ ਖੇਰੂ-ਖੇਰੂ ਹੋ ਗਏ ਹਨ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ ਦੌਰਾਨ ਜਖ਼ਮੀ ਹੋਕੇ ਮੌਤ ਹੋਈ ਸੀ ਜਿਸ ਨੂੰ ਇਨਸਾਫ਼ ਦੁਆਉਣ ਲਈ ਮਜ਼ਦੂਰ ਜੱਥੇਬੰਦੀਆਂ ਮੈਦਾਨ ਵਿੱਚ ਹਨ ਤੇ ਹੁਣ ਇਹ ਇੱਕ ਹੋਰ ਕੰਮ ਉੱਤੇ ਹੋਇਆ ਹਾਦਸਾ ਕਿਰਤੀ ਲੋਕਾਂ ਦੀ ਸੁੱਰਖਿਆ ਪ੍ਰਤੀ ਪ੍ਰਬੰਧਾਂ ਦੇ ਢਾਂਚੇ ਨੂੰ ਉਜਾਗਰ ਕਰਨ ਹੈ ਜਿਹੜਾ ਕਿ ਸਭ ਲਈ ਵਿਚਾਰਨ ਯੋਗ ਮੁੱਦਾ ਹੈ। ਇੱਕ ਸਰਵੇ ਅਨੁਸਾਰ ਇਟਲੀ ਵਿੱਚ ਕੰਮਾਂ ਦੌਰਾਨ ਹੋ ਰਹੇ ਹਾਦਸਿਆਂ ਦੀ ਗਿਣਤੀ ਵਿੱਚ ਮਰਨ ਵਾਲੇ ਕਿਰਤੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਮਾਜ ਸੇਵੀ ਨਛੱਤਰ ਸਿੰਘ ਨੇ ਦੱਸਿਆਂ ਕਿ ਮਰਹੂਮ ਸਤਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਇਟਲੀ ਵਿੱਚ ਹੀ ਹੋਵੇਗਾ, ਜਿਸ ਲਈ ਉਸ ਦੀ ਬੁੱਢੀ ਮਾਂ ਤੇ ਛੋਟਾ ਭਰਾ ਇਟਲੀ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News