ਬੰਗਲਾਦੇਸ਼ : ਨਦੀ 'ਚ ਡੁੱਬੇ 5 ਫੁੱਟਬਾਲ ਖਿਡਾਰੀ

07/15/2018 4:23:13 PM

ਢਾਕਾ ( ਏ.ਐਫ.ਪੀ.)- ਪੂਰਬੀ ਬੰਗਲਾਦੇਸ਼ ਦੀ ਇਕ ਨਦੀ ਵਿਚ ਪੰਜ ਨੌਜਵਾਨ ਫੁੱਟਬਾਲ ਖਿਡਾਰੀ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਹਮਾਇਤੀਆਂ ਵਿਚਾਲੇ ਇਕ ਫ੍ਰੈਂਡਲੀ ਮੈਚ ਖੇਡਣ ਦੌਰਾਨ ਹੋਈ। ਲੜਕਿਆਂ ਦੇ ਡੁੱਬਣ ਦੀ ਘਟਨਾ ਤੋਂ 6 ਘੰਟੇ ਬਾਅਦ ਹੀ ਸ਼ਨੀਵਾਰ ਰਾਤ ਨੂੰ ਚੋਕਰੀਆ ਸ਼ਹਿਰ ਵਿਚ ਮਤਮੁਹਰੀ ਨਦੀ 'ਚੋਂ ਪੁਲਸ ਨੇ ਲਾਸ਼ਾਂ ਬਰਾਮਦ ਕਰ ਲਈਆਂ। ਇਹ ਖਿਡਾਰੀ ਮੈਚ ਤੋਂ ਬਾਅਦ ਨਦੀ 'ਚ ਨਹਾਉਣ ਗਏ ਸਨ। ਸਥਾਨਕ ਪੁਲਸ ਮੁਖੀ ਬਖਤਿਆਰੂਦੀਨ ਚੌਧਰੀ ਨੇ ਦੱਸਿਆ ਕਿ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਹਮਾਇਤੀਆਂ ਵਜੋਂ ਖੁਦ ਨੂੰ ਵੰਡ ਕੇ ਇਕ ਸਕੂਲ ਦੇ 22 ਲੜਕੇ ਫ੍ਰੈਂਡਲੀ ਮੈਚ ਖੇਡ ਰਹੇ ਸਨ। ਬਾਅਦ ਵਿਚ ਉਨ੍ਹਾਂ ਵਿਚੋਂ 6 ਨਦੀ ਵਿਚ ਤੈਰਾਕੀ ਕਰਨ ਚਲੇ ਗਏ। ਚੌਧਰੀ ਨੇ ਦੱਸਿਆ ਕਿ ਨਦੀ ਕਾਫੀ ਡੂੰਘੀ ਸੀ। ਅਸੀਂ ਇਕ ਲੜਕੇ ਨੂੰ ਬਚਾ ਲਿਆ ਹੈ, ਜਦੋਂ ਕਿ ਪੰਜ ਲੜਕਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਵਿਚ ਦੋ ਭਰਾ ਵੀ ਸ਼ਾਮਲ ਹਨ।


Related News