ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਫਲੇਰੋ (ਬਰੇਸ਼ੀਆ) ਵਿਖੇ ਸ਼ਰਧਾ ਨਾਲ ਮਨਾਈ

Wednesday, Jun 12, 2024 - 12:31 PM (IST)

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਫਲੇਰੋ (ਬਰੇਸ਼ੀਆ) ਵਿਖੇ ਸ਼ਰਧਾ ਨਾਲ ਮਨਾਈ

ਮਿਲਾਨ/ਇਟਲੀ (ਸਾਬੀ ਚੀਨੀਆ): ਬ੍ਰਹਮ ਗਿਆਨੀ, ਵਿੱਦਿਆ ਦੇ ਦਾਨੀ, ਸ਼ਾਂਤੀ ਦੇ ਪੁੰਜ ,ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਉਪਰਾਲੇ ਕੀਤੇ, ਸਮਾਜ ਵਿੱਚ ਫੈਲ਼ੀਆ ਕੁਰੀਤੀਆ ਨੂੰ ਠੱਲ ਪਾਉਣ ਲਈ ਅਹਿਮ ਯੋਗਦਾਨ ਪਾਇਆ, ਉਹਨਾਂ ਦੀ 74ਵੀਂ ਬਰਸੀ ਜਿੱਥੇ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਟਲੀ ਵਿੱਚ ਵੀ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਉਲੀਕੇ ਜਾ ਰਹੇ ਹਨ।

PunjabKesari

ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਵਿਖੇ ਵੀ ਹਰ ਸਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਮੌਕੇ ਤਿੰਨ ਰੋਜਾ ਸਮਾਗਮ ਉਲੀਕੇ ਜਾਂਦੇ ਹਨ। ਜਿੱਥੇ ਯੂਰਪ ਭਰ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆ ਹਨ। ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 74ਵੀਂ ਬਰਸੀ ਗੁਰਦੁਆਰਾ ਸਾਹਿਬ ਫਲੇਰੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ। ਜਿਸ ਵਿੱਚ ਤਿੰਨੇ ਦਿਨ ਗੁਰਬਾਣੀ ਦੇ ਪ੍ਰਵਾਹ ਚੱਲੇ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ 35 ਦੇ ਕਰੀਬ ਪ੍ਰਾਣੀ ਗੁਰੂ ਵਾਲੇ ਬਣੇ। ਇਸ ਤੋਂ ਇਲਾਵਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ , ਦੁਮਾਲਾ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। 

PunjabKesari

ਇਸ ਵਾਰ ਬਰਸੀ ਲਈ ਪੰਡਾਲ ਸਜਾਇਆ ਗਿਆ। ਜਿਸ ਲਈ ਸੰਗਤਾਂ ਵਿੱਚ ਵੱਖਰਾ ਉਤਸ਼ਾਹ ਪਾਇਆ ਗਿਆ ਅਤੇ ਵੱਖ-ਵੱਖ ਇਲਾਕਿਆ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ। ਇਸ ਮੌਕੇ ਸਜਾਏ ਦੀਵਾਨਾਂ ਵਿੱਚ ਭਾਈ ਚੰਚਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ, ਕਵੀਸ਼ਰੀ ਜੱਥਾ ਭਾਈ ਸ਼ਮਸ਼ੇਰ ਸਿੰਘ ਭਦਾਸ, ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਢਾਡੀ ਜੱਥੇ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਨਿਹਾਲ ਕੀਤਾ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਜੀਵਨ 'ਤੇ ਝਾਤ ਪਾਉਂਦਿਆ ਸੰਗਤਾਂ ਨੂੰ ਬਾਣੀ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜ਼ਾਨੋ ਨੇ ਸੰਗਤ ਨਾਲ ਵਿਚਾਰਾਂ ਦਾ ਸਾਂਝ ਪਾਉਂਦਿਆਂ ਆਖਿਆ ਕਿ ਇਟਲੀ ਦੀ ਧਰਤੀ ਫਲੇਰੋ (ਬਰੇਸ਼ੀਆ) ਵਿਖੇ ਬਰਸੀ ਮੌਕੇ ਸੰਗਤਾਂ ਦਾ ਵੱਡਾ ਇਕੱਠ ਬੇਗੋਵਾਲ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਨੇ ਸਾਨੂੰ ਬਾਣੀ ਅਤੇ ਬਾਣੇ ਦੇ ਲੜ ਲਾਇਆ। ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਅੱਜ ਵੀ ਸਮੇਂ ਦੀ ਵੱਡੀ ਲੋੜ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਚੋਣਾਂ ਤੋਂ ਪਹਿਲਾਂ UK 'ਚ ਹਿੰਦੂ ਮੈਨੀਫੈਸਟੋ ਪੇਸ਼; ਹਿੰਦੂਆਂ 'ਤੇ ਹਮਲੇ ਨੂੰ ਨਫ਼ਰਤੀ ਅਪਰਾਧ ਦਾ ਦਰਜਾ ਦੇਣ ਦੀ ਮੰਗ

ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਆਈ ਹੋਈ ਸਮੁੱਚੀ ਸੰਗਤ ਨੂੰ ਜੀ ਆਇਆ ਆਖਦਿਆ ਕਿਹਾ ਕਿ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਨੇ ਪੰਥ ਦੀ ਵੱਡੀ ਸੇਵਾ ਕੀਤੀ ਹੈ। ਧਰਮ ਦਾ ਪ੍ਰਚਾਰ ਅਤੇ ਸਮਾਜ ਦੇ ਸੁਧਾਰ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਯਾਦਗਾਰ ਕਮੇਟੀ ਨੇ 2001 ਤੋਂ ਹਰ ਸਾਲ ਬਰਸੀ ਮੌਕੇ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਮੇਟੀ ਪਹਿਲਾਂ ਵਾਂਗ ਉਨ੍ਹਾਂ ਪਰਿਵਾਰਾਂ ਦਾ ਸਨਮਾਨ ਕਰੇ, ਜੋ ਵਿਆਹ ਬਿਨਾਂ ਦਹੇਜ ਅਤੇ ਘੱਟ ਬਾਰਾਤ ਲੈਕੇ ਜਾਂਦੇ ਹਨ। ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਨੇ ਬਰਸੀ ਮੌਕੇ ਯੋਗਦਾਨ ਦੇਣ ਵਾਲਿਆ ਦਾ ਧੰਨਵਾਦ ਕੀਤਾ। ਸ. ਸ਼ਰਨਜੀਤ ਸਿੰਘ ਠਾਕਰੀ ਦੁਆਰਾ ਸਟੇਜ ਦੀ ਜਿੰਮੇਵਾਰੀ ਬਖੂਬੀ ਨਿਭਾਈ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਸਟਾਲ ਅਤੇ ਅਤੁੱਟ ਲੰਗਰ ਵਰਤਾਏ ਗਏ। ਗੁਰਦੁਆਰਾ ਸਾਹਿਬ ਫਲੇਰੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਦੀ ਸਮੁੱਚੀ ਕਮੇਟੀ ਜਿਨ੍ਹਾ ਵਿਚ ਮੁੱਖ ਸੇਵਾਦਾਰ ਸੁਰਿੰਦਰ ਜੀਤ ਸਿੰਘ ਪੰਡੋਰੀ,ਵਾਇਸ ਸੇਵਾਦਾਰ ਬਲਕਾਰ ਸਿੰਘ ਘੋੜੇਸ਼ਾਹਵਾਨ,ਖ਼ਜ਼ਾਨਚੀ  ਅਤੇ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ,ਲੰਗਰ ਸੇਵਾਦਾਰ ਨਿਸ਼ਾਨ ਸਿੰਘ ਭਦਾਸ,ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਚੌਹਾਨ,ਸ. ਕੁਲਵੰਤ ਸਿੰਘ ਬੱਸੀ, ਵਾਇਸ ਖ਼ਜ਼ਾਨਚੀ ਸ ਸਵਰਨ ਸਿੰਘ ਲਾਲੇਵਾਲ, ਸ ਮਹਿੰਦਰ ਸਿੰਘ ਮਾਜਰਾ,ਸ. ਲਖਵਿੰਦਰ ਸਿੰਘ ਬੈਰਗਾਮੋ, ਸ ਭੁਪਿੰਦਰ ਸਿੰਘ ਰਾਏਵਲੀ,ਸ ਬਲਕਾਰ ਸਿੰਘ ਅਕਾਲਾ,ਜਸਵਿੰਦਰ ਸਿੰਘ ਗੇਦੀ,ਸ. ਭਗਵਾਨ ਸਿੰਘ ਅਕਾਲਾ , ਬਰੇਸ਼ੀਆ ਦੇ ਕਾਰੋਬਾਰੀ ਲਖਵਿੰਦਰ ਸਿੰਘ ਡੋਗਰਾਂਵਾਲ, ਜੁਝਾਰ ਸਿੰਘ ਬੁਲਜਾਨੋ ਆਦਿ ਨੇ ਸ਼ਿਰਕਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News