ਮੌਤ ਨਾਲ ਜੂਝ ਰਿਹਾ ਇਹ ਮੁੰਡਾ ਜਲਦੀ ਹੀ ਆਪਣੀ ਆਖਰੀ ਇੱਛਾ ਕਰੇਗਾ ਪੂਰੀ

01/27/2018 5:30:37 PM

ਜੋਰਜੀਆ(ਬਿਊਰੋ)— ਅਮਰੀਕਾ ਦੇ ਜੋਰਜੀਆ ਸਥਿਤ ਅਟਲਾਂਟਾ ਸ਼ਹਿਰ ਵਿਚ ਡਸਟਿਨ ਸਨਾਈਡਰ ਨਾਂ ਦੇ 19 ਸਾਲ ਦੇ ਮੁੰਡੇ ਨੂੰ ਇਕ ਦੁਰਲੱਭ ਕਿਸਮ ਦਾ ਸੈਨੋਵੀਅਲ ਸਰਕੋਮਾ ਨਾਂ ਕੈਂਸਰ ਹੈ। ਡਾਕਟਰ ਵੀ ਸਾਫ ਕਰ ਚੁੱਕੇ ਹਨ ਕਿ ਇਹ ਲਾ-ਇਲਾਜ ਬੀਮਾਰੀ ਹੈ ਅਤੇ ਡਸਟਿਨ ਕੋਲ ਘੱਟ ਹੀ ਸਮਾਂ ਬਚਿਆ ਹੈ। ਡਸਟਿਨ ਇਹ ਸਭ ਜਾਣਨ ਤੋਂ ਬਾਅਦ ਉਹ ਸਭ ਕਰਨਾ ਚਾਹੁੰਦਾ ਹੈ, ਜੋ ਉਹ ਜ਼ਿੰਦਗੀ ਵਿਚ ਚਾਹੁੰਦਾ ਸੀ ਅਤੇ ਉਸ ਦੀ ਆਖਰੀ ਇੱਛਾ ਇਹ ਹੈ ਕਿ ਉਹ ਆਪਣੀ ਸਕੂਲ ਦੋਸਤ ਸੀਏਰਾ ਸਿਵੇਰੋ ਨਾਲ ਵਿਆਹ ਰਚਾਉਣਾ ਚਾਹੁੰਦਾ ਹੈ। ਡਸਟਿਨ ਕਹਿੰਦੇ ਹਨ, 'ਸਿਏਰਾ ਮਤਲਬ ਦੁਨੀਆ। ਮੇਰੇ ਲਈ ਓਹੀ ਸਭ ਕੁੱਝ ਹੈ। ਮੈਂ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।' ਡਸਟਿਨ ਦੀ ਕਹਾਣੀ ਜਦੋਂ ਲੋਕਾਂ ਸਾਹਮਣੇ ਆਈ ਤਾਂ ਉਹ ਇਸ ਨੂੰ ਸੱਚੇ ਪਿਆਰ ਦੀ ਮਿਸਾਲ ਦੇ ਰੂਪ ਵਿਚ ਦੇਖਣ ਲੱਗੇ। ਹੁਣ ਡਸਟਿਨ ਦੀ ਇਹ ਲਵ ਸਟੋਰੀ ਦੁਨੀਆ ਭਰ ਵਿਚ ਛਾਈ ਹੋਈ ਹੈ।
ਡਸਟਿਨ ਅਤੇ ਸੀਏਰਾ ਦੀ ਲਵ ਸਟੋਰੀ ਉਦੋਂ ਸ਼ੁਰੂ ਹੋਈ ਸੀ, ਜਦੋਂ ਉਹ 6ਵੀਂ ਕਲਾਸ ਵਿਚ ਪੜ੍ਹਦੇ ਸਨ। ਸਿਏਰਾ ਵੀ ਇਸ ਬਾਰੇ ਵਿਚ ਕਹਿੰਦੀ ਹੈ, 'ਬੇਸ਼ੱਕ ਉਹ ਮੇਰਾ ਪਹਿਲਾ ਪਿਆਰ ਹੈ।' ਉਨ੍ਹਾਂ ਨੇ ਇਕ ਦੂਜੇ ਨੂੰ ਡੇਟ ਕੀਤਾ, ਪਰ ਮਿਡਲ ਸਕੂਲ ਤੋਂ ਬਾਅਦ ਦੋਵੇਂ ਵੱਖ ਹੋ ਗਏ। ਹਾਲਾਂਕਿ ਹਾਈ ਸਕੂਲ ਵਿਚ ਆ ਕੇ ਉਹ ਫਿਰ ਮਿਲੇ। ਦੱਸਣਯੋਗ ਹੈ ਕਿ ਡਸਟਿਨ ਕੈਂਸਰ ਨਾਲ ਡੇਢ ਸਾਲ ਤੋਂ ਪੀੜਤ ਹਨ। ਇਹ ਗੱਲ ਉਨ੍ਹਾਂ ਦੀ ਪ੍ਰੇਮਿਕਾ ਚੰਗੀ ਤਰ੍ਹਾਂ ਨਾਲ ਜਾਣਦੀ ਹੈ। ਫਿਰ ਵੀ ਉਹ ਉਸ ਦੇ ਨਾਲ ਹੈ। ਸਿਏਰਾ ਦੇ ਬਾਰੇ ਵਿਚ ਡਸਟਿਨ ਨੇ ਕਿਹਾ, 'ਸ਼ੁਰੂਆਤ ਤੋਂ ਉਹ ਮੇਰੇ ਨਾਲ ਹੈ। ਮੈਂ ਉਸ ਤੋਂ ਇਲਾਵਾ ਆਪਣੇ ਨਾਲ ਕਿਸੇ ਹੋਰ ਦੇ ਸਾਥ ਬਾਰੇ ਸੋਚ ਵੀ ਨਹੀਂ ਸਕਦਾ ਹਾਂ।' ਡਸਟਿਨ ਦੀ ਇਸ ਆਖਰੀ ਇੱਛਾ ਦੇ ਬਾਰੇ ਵਿਚ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮਦਦ ਲਈ ਅੱਗੇ ਆਏ। ਦੋਵਾਂ ਦਾ ਵਿਆਹ ਕਰਾਉਣ ਲਈ ਲੋਕਾਂ ਨੇ ਆਰਥਿਕ ਮਦਦ ਵੀ ਕੀਤੀ। ਡਸਟਿਨ ਦੀ ਮਾਂ ਨੇ ਕਿਹਾ, 'ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਇੰਨੇ ਸਾਰੇ ਲੋਕ ਸਾਡੀ ਮਦਦ ਲਈ ਅੱਗੇ ਆਏ ਹਨ।' ਹੁਣ ਡਸਟਿਨ ਐਤਵਾਰ (28 ਜਨਵਰੀ) ਨੂੰ ਸਿਏਰਾ ਨਾਲ ਵਿਆਹ ਰਚਾਉਣਗੇ।


Related News