ਲਾਹੌਰ ਦੇ ਸਰਵਿਸਿਜ਼ ਹਸਪਤਾਲ ਦੇ ਹੋਸਟਲ ’ਚੋਂ ਹਿੰਦੂ ਭਾਈਚਾਰੇ ਦੀ ਨਰਸ ਦੀ ਮਿਲੀ ਲਾਸ਼
Sunday, Jul 17, 2022 - 04:08 PM (IST)
 
            
            ਗੁਰਦਾਸਪੁਰ/ਲਾਹੌਰ (ਵਿਨੋਦ) : ਲਾਹੌਰ ਦੇ ਸਰਵਿਸਿਜ਼ ਹਸਪਤਾਲ ਦੇ ਹੋਸਟਲ ਦੇ ਇਕ ਕਮਰੇ ’ਚੋਂ ਅੱਜ ਸਵੇਰੇ ਇਕ ਹਿੰਦੂ ਨਰਸ ਦੀ ਲਾਸ਼ ਮਿਲੀ ਹੈ। ਮ੍ਰਿਤਕ ਸੋਨੀਆ ਦੀ ਮੌਤ ਕਿਵੇਂ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅੱਜ ਸਵੇਰੇ ਜਦੋਂ ਸਰਵਿਸਿਜ਼ ਹਸਪਤਾਲ ਲਾਹੌਰ ਦੀ ਨਰਸ ਵਜੋਂ ਸੇਵਾ ਨਿਭਾ ਰਹੀ ਹਿੰਦੂ ਲੜਕੀ ਸੋਨੀਆ ਡਿਊਟੀ ’ਤੇ ਨਹੀਂ ਪਹੁੰਚੀ । ਇਸ ਦੌਰਾਨ ਉਸ ਦੇ ਨਾਲ ਕੰਮ ਕਰਨ ਵਾਲੀ ਇਕ ਹੋਰ ਨਰਸ ਸੋਨੀਆ ਦੇ ਕਮਰੇ ’ਚ ਚਲੀ ਗਈ।
ਕਮਰੇ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਸੀ ਤੇ ਕਾਫੀ ਹੰਗਾਮਾ ਕਰਨ ਦੇ ਬਾਵਜੂਦ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਸੋਨੀਆ ਬੈੱਡ ’ਤੇ ਮ੍ਰਿਤਕ ਪਈ ਸੀ। ਉਸ ਦੇ ਕਮਰੇ ’ਚੋਂ ਕੁਝ ਟੀਕੇ ਵੀ ਮਿਲੇ ਹਨ, ਜਿਸ ਕਾਰਨ ਪੁਲਸ ਇਹ ਬਿਆਨ ਦੇ ਰਹੀ ਹੈ ਕਿ ਸੋਨੀਆ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ, ਜਦਕਿ ਸੋਨੀਆ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੋਸ਼ ਨੂੰ ਝੂਠ ਤੇ ਗ਼ਲਤ ਦੱਸਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            