ਕਾਬੁਲ ਤੋਂ ਜਾਨ ਬਚਾ ਕੇ ਪਰਤੀ ਮਾਂ 12 ਸਾਲ ਮਗਰੋਂ ਧੀ ਨੂੰ ਮਿਲੀ, ਇਕ-ਦੂਜੇ ਨੂੰ ਵੇਖਦਿਆਂ ਉੱਚੀ-ਉੱਚੀ ਰੋਣ ਲੱਗੀਆਂ

Saturday, Aug 28, 2021 - 12:05 PM (IST)

ਫਰਾਂਸ- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਆਤੰਕ ਦਰਮਿਆਨ ਲੋਕਾਂ ਦਾ ਦੇਸ਼ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਨ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੂਜੇ ਦੇਸ਼ ’ਚ ਸ਼ਰਨ ਲੈਣਾ ਚਾਹੁੰਦੇ ਹਨ। ਇਸ ਦਰਮਿਆਨ ਇਕ ਭਾਵੁਕ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਇੱਥੇ ਇਕ ਮਾਂ ਆਪਣੀ ਧੀ ਨੂੰ 12 ਸਾਲ ਬਾਅਦ ਫਰਾਂਸ ’ਚ ਮਿਲੀ ਤਾਂ ਉੱਚੀ-ਉੱਚੀ ਰੋ ਪਈ। ਰਿਸੈਪਸ਼ਨ ਸੈਂਟਰ ਦੇ ਬਾਹਰ ਇੰਤਜ਼ਾਰ ਕਰ ਰਹੀ ਧੀ ਦਾਵੋਦ ਨੇ ਜਿਵੇਂ ਹੀ ਆਪਣੀ 56 ਸਾਲਾ ਮਾਂ ਕਾਦਿਰਾ ਨੂੰ ਦੇਖਿਆ ਤਾਂ ਭਾਵੁਕ ਹੋ ਗਈ ਅਤੇ ਕੋਲ ਆਉਂਦੇ ਹੀ ਇਕ-ਦੂਜੇ ਨੂੰ ਗਲੇ ਲਗਾ ਲਿਆ। ਇਸ ਦੌਰਾਨ ਦੋਵੇਂ ਉੱਚੀ-ਉੱਚੀ ਰੋਣ ਲੱਗੀਆਂ। ਕਾਦਿਰਾ ਕਾਬੁਲ ਤੋਂ ਜਾਨ ਬਚਾ ਕੇ ਇਕ ਧੀ ਅਤੇ 3 ਪੁੱਤਰਾਂ ਨਾਲ 12 ਸਾਲ ਬਾਅਦ ਫਰਾਂਸ ਪਹੁੰਚੀ ਸੀ। ਦੱਸਣਯੋਗ ਹੈ ਕਿ ਦਾਵੋਦ ਇਕ ਅਫ਼ਗਾਨੀ ਕਲਾਕਾਰ ਹੈ, ਜੋ ਸਾਲ 2009 ਦੇ ਬਾਅਦ ਫਰਾਂਸ ’ਚ ਰਹਿ ਰਹੀ ਸੀ ਅਤੇ ਉਸ ਦੀ ਮਾਂ ਅਤੇ ਚਾਰ ਭਰਾ-ਭੈਣ ਅਫ਼ਗਾਨਿਸਤਾਨ ’ਚ ਹੀ ਰਹਿ ਰਹੇ ਸਨ।

PunjabKesari

ਦਾਵੋਦ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦੇ ਪਰਿਵਾਰ ਨੂੰ ਤਾਲਿਬਾਨ ਦੇ ਦਬਾਅ ਕਾਰਨ ਉੱਥੋਂ ਜਾਨ ਬਚਾ ਕੇ ਦੌੜਨਾ ਪਿਆ। ਦਾਵੋਦ ਨੇ ਕਿਹਾ ਕਿ ਉਸ ਦੇ ਇਕ ਭਰਾ ਨੇ ਅਫ਼ਗਾਨ ਫ਼ੌਜ ’ਚ ਸੇਵਾ ਦਿੱਤੀ ਸੀ ਅਤੇ 2019 ’ਚ ਤਾਲਿਬਾਨ ਵਲੋਂ ਮਾਰਿਆ ਗਿਆ ਸੀ। ਦਾਵੋਦ ਨੇ ਦੱਸਿਆ ਕਿ ਉਸ ਨੂੰ ਜਿਵੇਂ ਹੀ ਤਾਲਿਬਾਨ ਵਲੋਂ ਅਫ਼ਗਾਨਿਸਤਾਨ ’ਤੇ ਕਬਜ਼ੇ ਦੀ ਜਾਣਕਾਰੀ ਮਿਲੀ ਤਾਂ ਉਹ ਪਰੇਸ਼ਾਨ ਹੋ ਗਈ। ਉਸ ਨੂੰ ਆਪਣੀ ਮਾਂ ਅਤੇ ਭਰਾ-ਭੈਣ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ। ਇਸ ਤੋਂ ਬਾਅਦ ਉਹ ਸਾਰਿਆਂ ਨੂੰ ਸੁਰੱਖਿਅਤ ਕਾਬੁਲ ਤੋਂ ਕੱਢਣ ਦੀ ਕੋਸ਼ਿਸ਼ ਕਰਨ ਲੱਗੀ। ਕੁਝ ਦਿਨ ਬਾਅਦ ਉਸ ਨੂੰ ਇਸ ’ਚ ਸਫ਼ਲਤਾ ਮਿਲ ਗਈ। ਹਾਲਾਂਕਿ ਸਭ ਤੋਂ ਵੱਡੀ ਪਰੇਸ਼ਾਨੀ ਕਾਬੁਲ ਏਅਰਪੋਰਟ ’ਤੇ ਸੀ, ਜਿੱਥੋਂ ਉਨ੍ਹਾਂ ਨੂੰ ਸੁਰੱਖਿਅਤ ਜਹਾਜ਼ ’ਚ ਬੈਠਾਉਣਾ ਸੀ ਪਰ ਦਾਵੋਦ ਨੇ ਇੱਥੇ ਵੀ ਕੋਸ਼ਿਸ਼ ਨਹੀਂ ਛੱਡੀ ਅਤੇ ਹਵਾਈ ਅੱਡੇ ’ਤੇ ਫਰਾਂਸੀਸੀ ਦਲ ਨਾਲ ਸੰਪਰਕ ਕਰਨ ’ਚ ਉਨ੍ਹਾਂ ਦੀ ਮਦਦ ਕੀਤੀ। ਕਾਫ਼ੀ ਮੁਸ਼ਕਲਾਂ ਤੋਂ ਬਾਅਦ ਕਾਦਿਰਾ ਅਤੇ ਉਸ ਦੇ ਬੱਚੇ ਜਹਾਜ਼ ’ਚ ਸਵਾਰ ਹੋ ਸਕੇ।

ਇਹ ਵੀ ਪੜ੍ਹੋ : HAF ਅਤੇ ਖਾਲਸਾ ਟੁਡੇ ਨੇ PM ਮੋਦੀ ਨੂੰ ਭੇਜੀ ਸਾਂਝੀ ਚਿੱਠੀ, ਕੀਤੀ ਇਹ ਖ਼ਾਸ ਅਪੀਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


DIsha

Content Editor

Related News