ਮੈਲਬੌਰਨ ਦੇ ਇਕ ਘਰ 'ਚ ਲੱਗੀ ਅੱਗ, ਵਾਲ-ਵਾਲ ਬਚੀ ਔਰਤ

01/19/2018 12:38:17 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਕ ਵਿਅਕਤੀ ਨੇ ਆਪਣੀ ਜਾਨ 'ਤੇ ਖੇਡ ਕੇ ਔਰਤ ਦੀ ਜਾਨ ਬਚਾਈ। ਅਸਲ ਵਿਚ ਬੀਤੀ ਸ਼ਾਮ 7:15 ਵਜੇ ਟਾਰਨੀਆ ਗ੍ਰਿਫਿਨ ਨਾਂ ਦੀ ਔਰਤ ਦੇ ਘਰ ਵਿਚ ਅਚਾਨਕ ਅੱਗ ਲੱਗ ਗਈ ਸੀ। ਉਸ ਦੇ 62 ਸਾਲਾ ਗੁਆਂਢੀ ਬੌਬ ਪ੍ਰਾਈਮਰ ਨੇ ਆਪਣੀ ਜਾਨ 'ਤੇ ਖੇਡ ਕੇ ਉਸ ਦੀ ਜਾਨ ਬਚਾਈ। ਬੌਬ ਜਦੋਂ ਬਾਰਕਲੀ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਗ੍ਰਿਫਿਨ ਦੇ ਘਰੋਂ ਧੂੰਆਂ ਨਿਕਲਦੇ ਦੇਖਿਆ। ਬੌਬ ਨੂੰ ਨਹੀਂ ਪਤਾ ਸੀ ਕਿ ਉਸ ਸਮੇਂ ਘਰ ਅੰਦਰ ਕੋਈ ਮੌਜੂਦ ਨਹੀਂ ਹੈ ਜਾਂ ਨਹੀਂ। ਇਹ ਜਾਨਣ ਲਈ ਉਸ ਨੇ ਘਰ ਦੀ ਖਿੜਕੀ ਵਿਚ ਇਕ ਛੇਦ ਕੀਤਾ ਅਤੇ ਅੰਦਰ ਝਾਕਿਆ ਪਰ ਅੰਦਰ ਬਹੁਤ ਹਨੇਰਾ ਸੀ। 

PunjabKesari
ਬੌਬ ਨੇ ਗ੍ਰਿਫਿਨ ਨੂੰ ਦੇਖਿਆ ਅਤੇ ਉਸ ਨੂੰ ਬਾਹਰ ਕੱਡਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਦੌਰਾਨ ਬੌਬ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਖੂਨ ਵੱਗਣ ਲੱਗਾ। ਲੱਤ 'ਤੇ ਸੱਟ ਲੱਗਣ ਕਾਰਨ ਬੌਬ ਨੂੰ ਵਾਪਸ ਆਉਣਾ ਪਿਆ। ਉਦੋਂ ਤੱਕ ਫਾਇਰਫਾਈਟਰਜ਼ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਬੇਹੋਸ਼ੀ ਦੀ ਹਾਲਤ ਵਿਚ ਟਾਰਨੀਆ ਗ੍ਰਿਫਿਨ ਨੂੰ ਉਸ ਦੇ ਘਰੋਂ ਬਾਹਰ ਕੱਢਿਆ। ਉਸ ਦੀ ਬੌਡੀ 40 ਫੀਸਦੀ ਤੱਕ ਸੜ ਚੁੱਕੀ ਸੀ। ਇਸ ਲਈ ਗ੍ਰਿਫਿਨ ਨੂੰ ਤੁਰੰਤ ਐਂਬੂਲੈਂਸ ਰਾਹੀਂ ਐਲਫਰਡ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਣ ਦੌਰਾਨ ਉਸ ਦੇ 19 ਸਾਲਾ ਗੁਆਂਢੀ ਸੈਮੁਅਲ ਕੈਰ, ਜੋ ਕਿ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ, ਉਸ ਨੇ ਗ੍ਰਿਫਿਨ ਦਾ ਇਲਾਜ ਕੀਤਾ। ਹਸਪਤਾਲ ਵਿਚ ਇਲਾਜ ਮਗਰੋਂ ਗ੍ਰਿਫਿਨ ਦੀ ਹਾਲਤ ਸਥਿਰ ਹੈ। ਉੱਧਰ ਬੌਬ ਨੂੰ ਇਲਾਜ ਲਈ ਫੁੱਟਕ੍ਰੇਅ ਹਸਪਤਾਲ ਲਿਜਾਇਆ ਗਿਆ।
ਫਾਇਰਫਾਈਟਰਜ਼ ਅਧਿਕਾਰੀਆਂ ਨੇ ਗ੍ਰਿÎਿਫਨ ਦੇ ਦੋ ਪਾਲਤੂ ਕੁੱਤਿਆਂ ਨੂੰ ਵੀ ਬਚਾ ਲਿਆ। ਸਟੀਵਾਰਟ ਵੁੱਡ ਜੋ ਗ੍ਰਿਫਿਨ ਨੂੰ ਬੀਤੇ 10 ਸਾਲਾਂ ਤੋਂ ਜਾਣਦੇ ਹਨ, ਉਨ੍ਹਾਂ ਮੁਤਾਬਕ ਗ੍ਰਿਫਿਨ ਨੂੰ ਸਿਗਰਟ ਪੀਣ ਦੀ ਆਦਤ ਸੀ। ਉਸ ਨੇ ਗ੍ਰਿਫਿਨ ਨੂੰ ਕਈ ਵਾਰੀ ਚਿਤਾਵਨੀ ਦਿੱਤੀ ਸੀ ਕਿ ਉਹ ਬੈੱਡਰੂਮ ਵਿਚ ਸਿਗਰਟ ਨਾ ਪੀਆ ਕਰੇ। ਉਨ੍ਹਾਂ ਮੁਤਾਬਕ ਸ਼ਾਇਦ ਸਿਗਰਟ ਕਾਰਨ ਹੀ ਘਰ ਵਿਚ ਅੱਗ ਲੱਗੀ ਸੀ। ਪੁਲਸ ਇਸੇ ਆਧਾਰ 'ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ।


Related News