McDonalds ਦੇ Burger ’ਚ E. coli ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ, ਜਾਰੀ ਹੋਈ ਐਡਵਾਇਜ਼ਰੀ
Sunday, Oct 27, 2024 - 06:02 PM (IST)
ਜਲੰਧਰ (ਇੰਟ.) : ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਰਿਪੋਰਟ ਮੁਤਾਬਕ ਮੈਕਡੋਨਲਡਜ਼ ਦੇ ਬਰਗਰ ਖਾਣ ਨਾਲ ਕਈ ਲੋਕ ਬੀਮਾਰ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮੈਕਡੋਨਲਡਜ਼ ਕੁਆਰਟਰ ਪਾਊਂਡਰ ਹੈਮਬਰਗਰ ਖਾਣ ਨਾਲ ਈ. ਕੋਲੀ ਬੈਕਟੀਰੀਅਲ ਇਨਫੈਕਸ਼ਨ ਦੇ ਵਧਦੇ ਮਾਮਲੇ ਗੰਭੀਰ ਹੁੰਦੇ ਜਾ ਰਹੇ ਹਨ।
ਇਸ ਦੌਰਾਨ ਹੁਣ ਤਾਜ਼ੇ ਪਿਆਜ਼ ਨੂੰ ‘ਈ. ਕੋਲੀ’ ਨਾਂ ਦੇ ਬੈਕਟੀਰੀਆ ਦੇ ਫੈਲਣ ਦਾ ਸੰਭਾਵਿਤ ਸਰੋਤ ਦੱਸੇ ਜਾਣ ਤੋਂ ਬਾਅਦ ਮੈਕਡੋਨਲਡਜ਼ ਫਾਸਟ-ਫੂਡ ਚੇਨ ਨੇ ਅਸਥਾਈ ਤੌਰ ’ਤੇ ਆਪਣੇ ਮੀਨੂ ਤੋਂ ਤਾਜ਼ੇ ਪਿਆਜ਼ ਨੂੰ ਹਟਾ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਬੀਫ ਨਾਲੋਂ ਤਾਜ਼ਾ ਪਿਆਜ਼ ਨੂੰ ਬੈਕਟੀਰੀਆ ਤੋਂ ਮੁਕਤ ਰੱਖਣਾ ਰੈਸਟੋਰੈਂਟਾਂ ਲਈ ਵੱਡੀ ਸਮੱਸਿਆ ਹੈ।
‘ਕੁਆਰਟਰ ਪਾਊਂਡਰ ਹੈਮਬਰਗਰ’ ਖਾਣ ਨਾਲ ਹੁਣ ਤੱਕ 75 ਲੋਕ ਹੋ ਚੁੱਕੇ ਬੀਮਾਰ
ਇਸ ਦੌਰਾਨ ਸੰਘੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਡਵੈਸਟ ਅਤੇ ਕੁਝ ਪੱਛਮੀ ਸੂਬਿਆਂ ’ਚ ਮੈਕਡੋਨਲਡਜ਼ ’ਚ ਈ. ਕੋਲੀ ਦੇ ਪ੍ਰਕੋਪ ਲਈ ਪਿਆਜ਼ ਜ਼ਿੰਮੇਵਾਰ ਹਨ, ਜਿਸ ਨਾਲ ਘੱਟੋ-ਘੱਟ 75 ਲੋਕ ਬੀਮਾਰ ਹੋਏ ਅਤੇ ਇਕ ਦੀ ਮੌਤ ਹੋ ਗਈ।
ਮੈਕਡੋਨਲਡਜ਼ ਨੇ ਆਪਣੇ 14,000 ਅਮਰੀਕੀ ਰੈਸਟੋਰੈਂਟਾਂ ਦੇ ਪੰਜਵੇਂ ਹਿੱਸੇ ’ਚ ਆਪਣੇ ਮੀਨੂ ’ਚੋਂ ‘ਕੁਆਰਟਰ ਪਾਊਂਡਰ ਹੈਮਬਰਗਰ’ ਨੂੰ ਹਟਾ ਦਿੱਤਾ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ 61 ਲੋਕਾਂ ਲਈ ਜਾਣਕਾਰੀ ਉਪਲਬਧ ਸੀ, ਉਨ੍ਹਾਂ ’ਚੋਂ 22 ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਦੋ ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ ਹੋ ਗਿਆ ਸੀ। ਇਕ ਵਿਅਕਤੀ ਦੇ ਗੁਰਦੇ ਖਰਾਬ ਹੋਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।
ਕਿਸ ਉਮਰ ’ਚ ਵਧੇਰੇ ਖਤਰਾ?
ਈ. ਕੋਲੀ ਇਨਫੈਕਸ਼ਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਜਾਂ ਉਨ੍ਹਾਂ ਲੋਕਾਂ ਲਈ ਵਧੇਰੇ ਖਤਰਨਾਕ ਹੈ, ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਜੇਕਰ ਤੁਸੀਂ ਵੀ ਅਜਿਹੇ ਲੋਕਾਂ ਦੀ ਸੂਚੀ ’ਚ ਸ਼ਾਮਲ ਹੋ ਅਤੇ ਤੁਹਾਨੂੰ ਆਪਣੇ ਸਰੀਰ ’ਚ ਈ. ਕੋਲੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਹਾਨੂੰ ਤੁਰੰਤ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਨਹੀਂ ਤਾਂ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
ਕੀ ਹਨ ਈ. ਕੋਲੀ ਬੈਕਟੀਰੀਅਲ ਇਨਫੈਕਸ਼ਨ ਦੇ ਲੱਛਣ?
ਈ. ਕੋਲੀ ਬੈਕਟੀਰੀਅਲ ਇਨਫੈਕਸ਼ਨ ਦੇ ਲੱਛਣ ਦੂਸ਼ਿਤ ਭੋਜਨ ਖਾਣ ਤੋਂ ਬਾਅਦ ਇਕ ਜਾਂ ਦੋ ਦਿਨਾਂ ’ਚ ਦਿਖਾਈ ਦੇ ਸਕਦੇ ਹਨ। ਬੁਖਾਰ, ਉਲਟੀਆਂ, ਦਸਤ ਜਾਂ ਖੂਨੀ ਦਸਤ ਅਤੇ ਡੀਹਾਈਡ੍ਰੇਸ਼ਨ ਵਰਗੇ ਲੱਛਣ ਇਸ ਖਤਰਨਾਕ ਬੀਮਾਰੀ ਵੱਲ ਇਛਾਰਾ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਘੱਟ ਜਾਂ ਬਿਲਕੁਲ ਪਿਸ਼ਾਬ ਨਾ ਆਉਣਾ, ਬਹੁਤ ਜ਼ਿਆਦਾ ਪਿਆਸ ਅਤੇ ਚੱਕਰ ਆਉਣਾ ਵੀ ਖ਼ਤਰੇ ਦੇ ਲੱਛਣ ਹੋ ਸਕਦੇ ਹਨ।