ਬੱਚੇ ਨੂੰ 70 ਵਾਰ ਚਾਕੂ ਮਾਰਨ ਵਾਲੇ ਪਿਤਾ ਨੂੰ ਅਦਾਲਤ ਨੇ ਨਹੀਂ ਠਹਿਰਾਇਆ ਦੋਸ਼ੀ

07/24/2019 11:42:01 AM

ਸਿਡਨੀ— ਆਸਟ੍ਰੇਲੀਆ 'ਚ ਇਕ ਪਿਤਾ ਨੇ ਆਪਣੇ ਹੱਥੀਂ ਆਪਣੇ 5 ਸਾਲਾ ਬੱਚੇ ਨੂੰ ਮਾਰ ਦਿੱਤਾ। ਉਸ ਨੇ ਬੱਚੇ 'ਤੇ 70 ਤੋਂ 76 ਵਾਰ ਚਾਕੂ ਨਾਲ ਹਮਲਾ ਕੀਤਾ। ਵਿਅਕਤੀ ਨੇ ਦਿਮਾਗੀ ਬੀਮਾਰੀ ਦੇ ਚਲਦਿਆਂ ਅਜਿਹਾ ਕੀਤਾ। ਉਸ ਨੂੰ ਲੱਗਦਾ ਸੀ ਕਿ ਬੱਚਾ ਇਕ ਦੈਂਤ ਹੈ ਤੇ ਇਸੇ ਲਈ ਉਸ ਨੇ ਬੱਚੇ ਨੂੰ ਮਾਰ ਦਿੱਤਾ। ਬੁੱਧਵਾਰ ਨੂੰ ਅਦਾਲਤ ਨੇ ਦੱਸਿਆ ਕਿ 38 ਸਾਲਾ ਵਿਅਕਤੀ ਦਿਮਾਗੀ ਬੀਮਾਰੀ ਨਾਲ ਪੀੜਤ ਸੀ ਤੇ ਇਸੇ ਕਾਰਨ ਉਸ ਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਮਾਰ ਦਿੱਤਾ। ਉਸ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਉਹ ਠੀਕ ਕਰ ਰਿਹੈ ਜਾਂ ਗਲਤ। ਇਸ ਲਈ ਉਹ ਦੋਸ਼ੀ ਨਹੀਂ ਹੈ ਕਿਉਂਕਿ ਉਸ ਦਾ ਦਿਮਾਗੀ ਸੰਤੁਲਨ ਖਰਾਬ ਸੀ। 

ਕਾਨੂੰਨੀ ਕਾਰਨਾਂ ਕਰਕੇ ਉਸ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਅਦਾਲਤ 'ਚ ਦੱਸਿਆ ਗਿਆ ਕਿ ਇਹ ਘਟਨਾ 8 ਜੂਨ, 2018 ਨੂੰ ਵਾਪਰੀ ਜਦ ਬੱਚਾ ਸਿਡਨੀ ਵਿਖੇ ਆਪਣੇ ਘਰ 'ਚ ਸੀ। ਉਸ ਦੀ ਮਾਂ ਅਤੇ ਦਾਦੀ ਉਸ ਸਮੇਂ ਘਰ 'ਚ ਨਹੀਂ ਸਨ। ਬੱਚਾ ਕਮਰੇ 'ਚ ਸੁੱਤਾ ਪਿਆ ਸੀ ਤੇ ਪਿਤਾ ਨੇ ਰਸੋਈ 'ਚੋਂ ਵੱਡਾ ਚਾਕੂ ਲਿਆਂਦਾ ਤੇ ਬੱਚੇ ਦਾ ਕਤਲ ਕਰ ਦਿੱਤਾ। ਜਦ ਮਾਂ ਤੇ ਪਤਨੀ ਘਰ ਪੁੱਜੀਆਂ ਤਾਂ ਉਹ ਬੱਚੇ ਨੂੰ ਖੂਨ ਨਾਲ ਲੱਥ-ਪਥ ਦੇਖ ਕੇ ਰੋਣ ਲੱਗ ਗਈਆਂ। ਮੌਕੇ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਬੱਚੇ ਦਾ ਪਿਤਾ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਹੈ ਕਿਉਂਕਿ ਬੱਚਾ ਇਕ ਦੈਂਤ ਹੈ। 

ਉਸ ਦੀ ਪਤਨੀ ਨੇ ਦੱਸਿਆ ਕਿ 2003 'ਚ ਉਸ ਦਾ ਪਤੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ। ਬੱਚੇ ਦੇ ਕਤਲ ਤੋਂ ਦੋ ਦਿਨ ਪਹਿਲਾਂ ਉਹ ਆਪਣੇ ਪਤੀ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਗਈ ਤਾਂ ਹਸਪਤਾਲ ਵਾਲਿਆਂ ਕੋਲ ਖਾਲੀ ਬੈੱਡ ਨਾ ਹੋਣ ਕਾਰਨ ਉਸ ਨੂੰ ਫਿਰ ਘਰ ਲਿਆਉਣਾ ਪਿਆ। ਅਗਲੇ ਦਿਨ ਉਹ ਕਹਿਣ ਲੱਗ ਗਿਆ ਕਿ ਉਸ ਦਾ ਬੱਚਾ ਇਕ ਦੈਂਤ ਹੈ। ਉਸ ਦਾ ਪਰਿਵਾਰ ਉਸ ਨੂੰ ਸਮਝਾ ਰਿਹਾ ਸੀ ਪਰ ਉਸ ਦੇ ਦਿਮਾਗ 'ਚ ਇਹ ਗੱਲ ਬੈਠ ਗਈ ਸੀ ਤੇ ਉਸ ਨੇ ਮੌਕਾ ਦੇਖਦੇ ਹੀ ਬੱਚੇ ਨੂੰ ਮਾਰ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਦਿਮਾਗੀ ਬੀਮਾਰੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਜਾਵੇਗਾ।


Related News