ਚੱਕਰਵਾਤ ‘ਦਿਤਵਾ’ ਨਾਲ ਸ੍ਰੀਲੰਕਾ ਦੇ ਖੇਤੀਬਾੜੀ ਖੇਤਰ ਨੂੰ ਹੋਇਆ ਭਾਰੀ ਨੁਕਸਾਨ: ਐੱਫ਼ਏਓ

Wednesday, Dec 24, 2025 - 05:47 PM (IST)

ਚੱਕਰਵਾਤ ‘ਦਿਤਵਾ’ ਨਾਲ ਸ੍ਰੀਲੰਕਾ ਦੇ ਖੇਤੀਬਾੜੀ ਖੇਤਰ ਨੂੰ ਹੋਇਆ ਭਾਰੀ ਨੁਕਸਾਨ: ਐੱਫ਼ਏਓ

ਕੋਲੰਬੋ (ਭਾਸ਼ਾ) : ਸੰਯੁਕਤ ਰਾਸ਼ਟਰ ਦੀ ਖਾਦ ਅਤੇ ਖੇਤੀਬਾੜੀ ਸੰਸਥਾ (ਐੱਫ਼ਏਓ) ਨੇ ਕਿਹਾ ਹੈ ਕਿ ਚਕਰਵਾਤ ‘ਦਿਤਵਾ’ ਕਾਰਨ ਸ੍ਰੀਲੰਕਾ ਵਿੱਚ ਖੇਤੀਬਾੜੀ, ਮੱਛੀਪਾਲਣ ਅਤੇ ਪਿੰਡਾਂ ਦੀ ਆਜੀਵਿਕਾ ਨੂੰ ਵਿਆਪਕ ਨੁਕਸਾਨ ਹੋਇਆ ਹੈ। ਐੱਫ਼ਏਓ ਵੱਲੋਂ 22 ਦਸੰਬਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ, ਭਾਰੀ ਹੜ੍ਹ ਨੇ ਖੇਤੀਯੋਗ ਜ਼ਮੀਨ, ਫ਼ਸਲਾਂ, ਪਸ਼ੂਧਨ ਅਤੇ ਮੱਛੀਪਾਲਣ ਸੰਪਤੀਆਂ ਦੇ ਨਾਲ-ਨਾਲ ਘਰਾਂ ਵਿੱਚ ਸਟੋਰ ਕੀਤਾ ਖਾਦ ਭੰਡਾਰ ਵੀ ਤਬਾਹ ਕਰ ਦਿੱਤਾ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਚੱਕਰਵਾਤ ਉਸ ਸਮੇਂ ਆਇਆ, ਜਦੋਂ ਕਿਸਾਨ ਸਾਲ 2026 ਦੀ ਮੁੱਖ ਫ਼ਸਲ ਦੀ ਬਿਜਾਈ ਕਰ ਚੁੱਕੇ ਸਨ ਜਾਂ ਬਿਜਾਈ ਦੇ ਕੰਮ ਵਿੱਚ ਰੁੱਝੇ ਹੋਏ ਸਨ। ਇਸ ਕੁਦਰਤੀ ਆਫ਼ਤ ਕਾਰਨ ਲਗਭਗ 2 ਲੱਖ 27 ਹਜ਼ਾਰ ਕਿਸਾਨ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਛੋਟੇ ਪੱਧਰ ਦੇ ਧਾਨ ਉਗਾਉਣ ਵਾਲੇ ਕਿਸਾਨਾਂ ਦੀ ਹੈ ਅਤੇ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

ਐੱਫ਼ਏਓ ਦੀ ਰਿਪੋਰਟ ਅਨੁਸਾਰ, ਮੱਛੀਪਾਲਣ ਖੇਤਰ ਵਿੱਚ ਕੁੱਲ ਨੁਕਸਾਨ ਦੀ ਕੀਮਤ ਲਗਭਗ 20.5 ਤੋਂ 21.5 ਅਰਬ ਦੇ ਦਰਮਿਆਨ ਦੱਸੀ ਗਈ ਹੈ। ਇਸਦੇ ਨਾਲ ਹੀ, ਧਾਨ ਦੀ 1 ਲੱਖ 6 ਹਜ਼ਾਰ ਹੈਕਟੇਅਰ ਤੋਂ ਵੱਧ ਫ਼ਸਲ, ਜੋ ਦੇਸ਼ ਦਾ ਮੁੱਖ ਖੁਰਾਕੀ ਅਨਾਜ ਹੈ, ਅੰਸ਼ਕ ਜਾਂ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮੱਕੀ, ਸਬਜ਼ੀਆਂ, ਪਿਆਜ਼ ਅਤੇ ਹਰੀ ਮੂੰਗ ਵਰਗੀਆਂ ਹੋਰ ਮਹੱਤਵਪੂਰਨ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਇੱਕ ਵੈੱਬਸਾਈਟ ਦੇ ਹਵਾਲੇ ਨਾਲ ਨਿਰਯਾਤ ਵਿਕਾਸ ਬੋਰਡ (ਈਡੀਬੀ) ਦੇ ਚੇਅਰਮੈਨ ਮੰਗਲਾ ਵਿਜਯਸਿੰਘੇ ਨੇ ਦੱਸਿਆ ਕਿ ਚੱਕਰਵਾਤ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਸ੍ਰੀਲੰਕਾ ਦੇ ਨਿਰਯਾਤਕਾਂ ਨੂੰ ਖੇਤੀਬਾੜੀ ਉਤਪਾਦਾਂ ਅਤੇ ਮਸਾਲਿਆਂ ਲਈ ਕੱਚੇ ਮਾਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ, ਇਸ ਤਬਾਹੀ ਨਾਲ ਘੱਟੋ-ਘੱਟ 573 ਨਿਰਯਾਤਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਕੋਲੰਬੋ, ਗੰਪਾਹਾ, ਪੁੱਤਲਮ, ਕੁਰੂਨਾਗਲਾ ਅਤੇ ਕੈਂਡੀ ਜ਼ਿਲ੍ਹਿਆਂ ਨਾਲ ਸੰਬੰਧਤ ਹੈ।

ਵਿਜਯਸਿੰਘੇ ਨੇ ਕਿਹਾ ਕਿ ਨਿਰਯਾਤਕਾਂ ਨੂੰ ਆਵਾਜਾਈ ਵਿੱਚ ਰੁਕਾਵਟਾਂ ਅਤੇ ਖ਼ਾਸ ਕਰ ਕੇ ਖੇਤੀ ਆਧਾਰਿਤ ਨਿਰਯਾਤ ਸਮੱਗਰੀ ਅਤੇ ਮਸਾਲਿਆਂ ਲਈ ਕੱਚੇ ਮਾਲ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਚੇ ਮਾਲ ਨਾਲ ਜੁੜੀਆਂ ਚੁਣੌਤੀਆਂ ਹਾਲੇ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਰਯਾਤਕਾਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਹ ਪੂਰੀ ਹੋਣ ਤੋਂ ਬਾਅਦ ਸਰਕਾਰ ਸਾਰੀਆਂ ਸੰਬੰਧਤ ਏਜੰਸੀਆਂ ਨਾਲ ਮਿਲ ਕੇ ਆਫ਼ਤ ਤੋਂ ਬਾਅਦ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਕਦਮ ਚੁੱਕੇਗੀ।

ਜ਼ਿਕਰਯੋਗ ਹੈ ਕਿ ਨਵੰਬਰ 2025 ਦੇ ਅੰਤ ਵਿੱਚ ਸ੍ਰੀਲੰਕਾ ਚੱਕਰਵਾਤ ‘ਦਿਤਵਾ’ ਦੀ ਚਪੇਟ ਵਿੱਚ ਆਇਆ ਸੀ, ਜਿਸਨੂੰ ਪਿਛਲੇ ਇੱਕ ਸੌ ਸਾਲਾਂ ਵਿੱਚ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਭਿਆਨਕ ਤੂਫ਼ਾਨ ਦੱਸਿਆ ਗਿਆ ਹੈ।


author

Baljit Singh

Content Editor

Related News