ਬ੍ਰਿਸਬੇਨ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਹੋਇਆ ਪਹਿਲੇ ਇਪਸਾ ਫ਼ਾਈਨ ਆਰਟਸ ਅਤੇ ਗਜ਼ਲ ਫੈਸਟੀਵਲ ਦਾ ਆਯੋਜਨ

Monday, Feb 16, 2026 - 12:15 PM (IST)

ਬ੍ਰਿਸਬੇਨ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਹੋਇਆ ਪਹਿਲੇ ਇਪਸਾ ਫ਼ਾਈਨ ਆਰਟਸ ਅਤੇ ਗਜ਼ਲ ਫੈਸਟੀਵਲ ਦਾ ਆਯੋਜਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸਿਰਮੌਰ ਬਹੁਪੱਖੀ ਸੰਸਥਾ ਇਪਸਾ ਗਰੁੱਪ ਵੱਲੋਂ ਇੰਡੋ ਪੰਜਾਬੀ ਸਾਹਿਤ ਅਕਾਦਮੀ ਅਤੇ ਇੰਡੋ ਪੰਜਾਬੀ ਸੰਗੀਤ ਅਕਾਦਮੀ ਦੇ ਸਾਂਝੇ ਉੱਦਮ ਤਹਿਤ 14 ਫਰਵਰੀ ਦੀ ਸ਼ਾਮ ਨੂੰ ਇਕ ਸ਼ਾਨਦਾਰ ਕਲਾ ਅਤੇ ਸੰਗੀਤ ਉਤਸਵ ਕਰਵਾਇਆ ਗਿਆ। ਫੈਸਟੀਵਲ ਦੇ ਪਹਿਲੇ ਭਾਗ ਵਿਚ ਭਾਰਤ ਤੋਂ ਆਏ ਨਾਮੀ ਚਿੱਤਰਕਾਰ ਅਮਰ ਸਿੰਘ ਅਤੇ ਸਥਾਨਕ ਚਿੱਤਰਕਾਰ ਕੁਮਨਦੀਪ ਸੋਹਲ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਬੱਚਿਆਂ ਲਈ ਲਾਈਵ ਪੇਂਟਿੰਗ ਦਾ ਆਯੋਜਨ ਕੀਤਾ ਗਿਆ। 

ਇਸ ਸਮਾਗਮ ਦੌਰਾਨ ਅਮਰ ਸਿੰਘ ਚਿੱਤਰਕਾਰ ਦੀਆਂ ਕੁਝ ਪੇਂਟਿੰਗਜ਼ ਬਹੁਤ ਹੀ ਖਿੱਚ ਦਾ ਕੇਂਦਰ ਰਹੀਆਂ। ਇਸ ਪ੍ਰਦਰਸ਼ਨੀ ਵਿਚ ਆਤਮਾ ਸਿੰਘ ਹੇਅਰ ਦੇ ਕੁਝ ਪੋਰਟ੍ਰੇਟ ਵੀ ਪ੍ਰਦਰਸ਼ਿਤ ਕੀਤੇ ਗਏ। ਇਪਸਾ ਵੱਲੋਂ ਅਮਰ ਸਿੰਘ ਆਰਟਿਸਟ ਅਤੇ ਕੁਮਨਦੀਪ ਸੋਹਲ ਨੂੰ ਐਵਾਰਡ ਆਫ਼ ਆਨਰ ਨਾਲ ਸਨਮਾਨਿਆ ਗਿਆ। ਫੈਸਟੀਵਲ ਦੀ ਸ਼ੁਰੂਆਤ ਸਾਹਿਤ ਅਕਾਦਮੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ।

PunjabKesari

ਫ਼ਾਈਨ ਆਰਟਸ ਫੈਸਟੀਵਲ ਦੇ ਦੂਸਰੇ ਭਾਗ ਵਿਚ ਇਪਸਾ ਵੱਲੋਂ ਗਾਇਨ ਕੈਟਾਗਰੀ ਤਹਿਤ ਸਨਮਾਨਿਤ ਕੀਤੇ ਗਏ ਗ਼ਜ਼ਲ ਗਾਇਕ ਰਹੀਮ ਜ਼ੁਲਾਹ, ਬੈਕਗ੍ਰਾਊਂਡ ਸਿੰਗਰ ਯੂਸਫ਼ ਅਲੀ ਖ਼ਾਨ ਅਤੇ ਗਾਇਕਾ ਬਿੰਨੀ ਜ਼ਰਾਦੀ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਲਾ ਮਨੋਰੰਜਨ ਕੀਤਾ। ਇਪਸਾ ਦੇ ਪ੍ਰਤਿਭਾਸ਼ਾਲੀ ਗਾਇਕ ਪ੍ਰੀਤ ਸਰਗਮ ਨੇ ਆਪਣੀ ਖੂਬਸੂਰਤ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। 

ਫੈਸਟੀਵਲ ਦੇ ਤੀਸਰੇ ਭਾਗ ਵਿਚ ਚਾਰ ਕੈਟਾਗਰੀਆਂ ਵਿਚ ਸ਼ਹਿਰ ਦੀਆਂ ਵੱਖ-ਵੱਖ ਕਲਾਤਮਕ ਹਸਤੀਆਂ ਦਾ ਐਵਾਰਡ ਆਫ਼ ਆਨਰ ਨਾਲ ਸਨਮਾਨ ਕੀਤਾ ਗਿਆ। ਗਾਇਨ ਕੈਟਾਗਰੀ ਤਹਿਤ ਉਸਤਾਦ ਰਹੀਮ ਜ਼ੁਲਾਹ, ਯੂਸਫ਼ ਅਲੀ ਖਾਨ, ਬਿੰਨੀ ਜ਼ਰਾਦੀ ਨੂੰ ਇਪਸਾ ਐਵਾਰਡ ਆਫ਼ ਆਨਰ ਨਾਲ ਨਿਵਾਜਿਆ ਗਿਆ। ਸਟੇਜ ਹੋਸਟ ਕੈਟਾਗਰੀ ਤਹਿਤ ਪੰਜਾਬੀ-ਇੰਗਲਿਸ਼ ਭਾਸ਼ਾ ਲਈ ਜੋਤੀ ਬੈਂਸ ਗੁਰਾਇਆ, ਪੰਜਾਬੀ-ਹਿੰਦੀ ਭਾਸ਼ਾ ਲਈ ਨੀਰਜ ਪੋਪਲੀ, ਪੰਜਾਬੀ-ਊਰਦੂ ਭਾਸ਼ਾ ਲਈ ਖਾਲਿਦ ਭੱਟੀ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਸਾਜ਼ ਕੈਟਾਗਰੀ ਤਹਿਤ ਸੁਧਾ ਮੈਨੀਅਨ ਨੂੰ ਸਿਤਾਰ ਵਾਦਕ ਵਜੋਂ, ਵਿਲਸਨ ਅੱਲੂ ਨੂੰ ਗਿਟਾਰ ਵਾਦਕ ਵਜੋਂ ਅਤੇ ਮੁਰਲੀ ਰਾਮਾਕ੍ਰਿਸ਼ਨਨ ਨੂੰ ਬਾਂਸਰੀ ਵਾਦਕ ਵਜੋਂ ਇਪਸਾ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਆਰਟਸ ਕੈਟਾਗਰੀ ਤਹਿਤ ਅਮਰ ਸਿੰਘ ਆਰਟਿਸਟ ਅਤੇ ਕੁਮਨਦੀਪ ਸੋਹਲ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਗਾਇਕ ਪ੍ਰੀਤ ਸਰਗਮ ਨੂੰ ਸਪੈਸ਼ਲ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੀ ਰਸਮ ਮੁੱਖ ਮਹਿਮਾਨ ਊਰਦੂ ਸ਼ਾਇਰਾ ਨੋਸ਼ੀ ਗਿਲਾਨੀ ਜੀ ਦੀ ਸਦਾਰਤ ਤਹਿਤ ਆਯੋਜਿਤ ਕੀਤਾ ਗਿਆ। ਉਨ੍ਹਾਂ ਆਪਣੀ ਦੋ ਗ਼ਜ਼ਲਾਂ ਨਾਲ ਵੀ ਹਾਜ਼ਰੀ ਲਵਾਈ।

PunjabKesari

ਫੈਸਟੀਵਲ ਦੇ ਅੰਤਿਮ ਭਾਗ ਵਿਚ ਪ੍ਰਸਿੱਧ ਗਾਇਕ ਜਤਿੰਦਰ ਸਿੰਘ ਜਮਵਾਲ ਜੀ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਸਮਾਂ ਬੰਨ੍ਹ ਦਿੱਤਾ। ਉਨ੍ਹਾਂ ਦੀ ਪਹਿਲੀ ਗ਼ਜ਼ਲ “ਇਧਰ ਸੇ ਗੁਜ਼ਰਾ ਥਾ” ਨੇ ਅਜਿਹੀ ਛਾਪ ਛੱਡੀ ਕਿ ਲੋਕ ਅਸ਼ ਅਸ਼ ਕਰ ਉੱਠੇ। ਇਸ ਤੋਂ ਬਾਅਦ ਉਨ੍ਹਾਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਬਹੁਤ ਬਹੁਤ ਵਾਹ ਵਾਹ ਹਾਸਲ ਕੀਤੀ। ਤਕਰੀਬਨ ਡੇਢ ਘੰਟਾ ਚੱਲੇ ਉਨ੍ਹਾਂ ਦੇ ਗ਼ਜ਼ਲ ਗਾਇਨ ਨੇ ਹਾਲ ਵਿਚ ਇਕ ਅਲੱਗ ਹੀ ਮਾਹੌਲ ਬਣਾ ਦਿੱਤਾ। ਇਪਸਾ ਵੱਲੋਂ ਉਨ੍ਹਾਂ ਨੂੰ ਅੰਤ ਵਿਚ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ਼ ਗਿਟਾਰ ਵਾਦਕ ਵਜੋਂ ਵਿਲਸਨ ਅੱਲੂ, ਮੈਡੋਂਲਿਨ ਵਾਦਕ ਵਜੋਂ ਚਾਈਨਜ ਕਲਾਕਾਰ ਸ਼ੈਲੀ ਜੀ ਅਤੇ ਤਬਲਾ ਵਾਦਕ ਵਜੋਂ ਪਰਮਜੀਤ ਸਿੰਘ ਨੇ ਬਹੁਤ ਬਾਖੂਬੀ ਸਾਥ ਨਿਭਾਇਆ। 

PunjabKesari

ਇਪਸਾ ਵੱਲੋਂ ਇਸ ਸਮਾਗਮ ਲਈ ਫ੍ਰੀ ਐਂਟਰੀ ਰੱਖੀ ਗਈ ਸੀ ਅਤੇ ਰਾਤਰੀ ਭੋਜਨ ਵੀ ਆਪਣੇ ਵੱਲੋਂ ਪਰੋਸਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਬਰਨਾਰਡ ਮਲਿਕ, ਸ਼ਾਇਰ ਸਈਅਦ ਖਾਨ, ਤਨਵੀ ਗੋਇਲ, ਪ੍ਰੇਰਨਾ ਪਾਹਵਾ, ਸਰਬਜੀਤ ਗੋਰਾਇਆ, ਡਾ. ਨੀਰਜ ਗਿੱਲ, ਸਤਵਿੰਦਰ ਟੀਨੂੰ, ਸਿੱਖ ਵਿਦਵਾਨ ਗੁਰਜੀਤ ਬੈਂਸ, ਗੀਤਕਾਰ ਨਿਰਮਲ ਦਿਓਲ, ਸ਼ਾਇਰ ਜਸਵੰਤ ਵਾਗਲਾ, ਗਾਇਕ ਪਰਮਿੰਦਰ ਹਰਮਨ, ਬਿਕਰਮਜੀਤ ਸਿੰਘ, ਰੁਪਿੰਦਰ ਸੋਜ਼, ਤਜਿੰਦਰ ਭੰਗੂ, ਸੁਮੀਤ ਸਿੰਘ ਦਿਓ, ਗੁਰਵਿੰਦਰ ਖੱਟੜਾ, ਪਾਲ ਰਾਊਕੇ, ਮਨਜੀਤ ਬੋਪਾਰਾਏ, ਸਰਬਜੀਤ ਸੋਹੀ, ਗੁਰਜੀਤ ਉੱਪਲ, ਸੁਖਮੰਦਰ ਸੰਧੂ, ਭਿੰਦਰ ਜਟਾਣਾ, ਕਮਲ ਬਾਜਵਾ, ਗੁਰਸੇਵਕ ਰਾਊਕੇ, ਅਸ਼ਵਨੀ ਬਜ਼ਰਾ, ਪੁਸ਼ਪਿੰਦਰ ਤੂਰ, ਜਸਵੰਤ ਭਾਟੀਆ, ਦੀਪਇੰਦਰ ਸਿੰਘ, ਗੁਰਦੀਪ ਜਗੇੜਾ, ਜਸਪਾਲ ਸੰਘੇੜਾ, ਜਸਪਾਲ ਢੀਂਡਸਾ, ਕੰਵਲਜੀਤ ਕਾਹਲੋਂ, ਤਜਿੰਦਰ ਭੰਗੂ, ਜਗਦੀਪ ਸਿੰਘ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਅੰਤ ਵਿਚ ਇਪਸਾ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਜਸਕਰਨ ਸ਼ੀਂਹ ਵੱਲੋਂ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੈਕਟਰੀ ਭੂਮਿਕਾ ਰੀਤਿਕਾ ਅਹੀਰ ਵੱਲੋਂ ਬਾਖੂਬੀ ਨਿਭਾਈ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News