ਕੈਨੇਡਾ: ਹਾਦਸੇ ਦੀ ਸ਼ਿਕਾਰ ਹੋਈ ਕਾਰ ਨੇ ਤੋੜੀ ਰੈਸਟੋਰੈਂਟ ਦੀ ਕੰਧ, ਬਜ਼ੁਰਗ ਔਰਤ ਜ਼ਖਮੀ

07/19/2018 5:25:30 PM

ਐਡਮਿੰਟਨ (ਏਜੰਸੀ)— ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਇਕ ਐੱਸ. ਯੂ. ਵੀ. ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਇਕ 85 ਸਾਲਾ ਬਜ਼ੁਰਗ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਦਰਅਸਲ ਪੱਛਮੀ ਐਡਮਿੰਟਨ ਸਥਿਤ ਕੇ. ਐੱਫ. ਸੀ. ਰੈਸਟੋਰੈਂਟ ਦੀ ਕੰਧ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਕਾਰ ਕੰਧ ਨੂੰ ਤੋੜਦੀ ਹੋਈ ਰੈਸਟੋਰੈਂਟ ਅੰਦਰ ਦਾਖਲ ਹੋ ਗਈ। ਇਹ ਹਾਦਸਾ ਬੁੱਧਵਾਰ ਦੀ ਸ਼ਾਮ ਨੂੰ ਸਥਾਨਕ ਸਮੇਂ ਮੁਤਾਬਕ 6.00 ਵਜੇ ਦੇ ਕਰੀਬ ਵਾਪਰਿਆ। 
ਐਡਮਿੰਟਨ ਪੁਲਸ ਮੁਤਾਬਕ 911 'ਤੇ ਐਮਰਜੈਂਸੀ ਫੋਨ ਕਾਲ ਜ਼ਰੀਏ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ। ਇਹ ਘਟਨਾ 156ਵੀਂ ਸਟਰੀਟ ਅਤੇ 87ਵੇਂ ਐਵੇਨਿਊ 'ਚ ਵਾਪਰੀ। ਜਦੋਂ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ 85 ਸਾਲਾ ਬਜ਼ੁਰਗ ਔਰਤ ਗੰਭੀਰ ਜ਼ਖਮੀ ਸੀ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਔਰਤ ਦਾ ਇਲਾਜ ਕੀਤਾ ਅਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। 
ਓਧਰ ਪੁਲਸ ਨੇ ਕਾਰ ਦੀ 60 ਸਾਲਾ ਮਹਿਲਾ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਪਰ ਅਜੇ ਤਕ ਉਸ ਵਿਰੁੱਧ ਕੋਈ ਦੋਸ਼ ਨਹੀਂ ਲੱਗਾ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਉਨ੍ਹਾਂ ਨੇ ਸੁਣਿਆ ਕਿ ਕਾਰ ਨੇ ਰੈਸਟੋਰੈਂਟ ਦੀ ਕੰਧ ਨੂੰ ਤੋੜ ਦਿੱਤਾ ਅਤੇ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਮੁਤਾਬਕ 85 ਸਾਲਾ ਬਜ਼ੁਰਗ ਔਰਤ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪੁਲਸ ਨੇ ਕਿਹਾ ਕਿ ਕਾਰ ਰੈਸਟੋਰੈਂਟ ਦੀ ਲਾਬੀ 'ਚ ਤੇਜ਼ੀ ਨਾਲ ਆ ਕੇ ਰੁੱਕੀ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


Related News