ਬ੍ਰਿਟੇਨ ''ਚ ਕੋਰੋਨਾ ਦੀ ਵਾਪਸੀ ਦੇ ਖਦਸ਼ੇ ਕਾਰਨ ਸਹਿਮੇ ਲੋਕ, ਟੈਸਟ ਕਰਵਾਉਣ ਲਈ ਲੱਗੀ ਭੀੜ
Thursday, Sep 17, 2020 - 10:32 AM (IST)
ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਵਾਪਸੀ ਦੇ ਡਰ ਨਾਲ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਯੂਰਪ ਵਿਚ ਸਭ ਤੋਂ ਵੱਧ ਪ੍ਰਭਾਵਤ ਦੇਸ਼ ਬ੍ਰਿਟੇਨ ਦੇ ਲੋਕਾਂ ਵਿਚ ਕੋਰੋਨਾ ਜਾਂਚ ਕਰਵਾਉਣ ਲਈ ਇਕ ਤਰ੍ਹਾਂ ਨਾਲ ਮੁਕਾਬਲਾ ਹੋ ਰਿਹਾ ਹੈ। ਜਾਂਚ ਕੇਂਦਰਾਂ ਵਿਚ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਪਰ ਢੁੱਕਵੀਂ ਟੈਸਟਿੰਗ ਪ੍ਰਣਾਲੀ ਦੀ ਘਾਟ ਕਾਰਨ ਜਾਂਚ ਤੇਜ਼ੀ ਨਾਲ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਸਰਕਾਰ ਪ੍ਰਬੰਧਾਂ ਨੂੰ ਜਲਦੀ ਤੋਂ ਜਲਦੀ ਕਰਵਾਉਣ ਦਾ ਭਰੋਸਾ ਦੇ ਰਹੀ ਹੈ।
ਮਈ ਮਹੀਨੇ ਜਦੋਂ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਸੰਕਰਮਣ ਆਪਣੇ ਸਿਖਰ 'ਤੇ ਸੀ, ਤਦ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਇਕ ਸ਼ਾਨਦਾਰ ਸਕ੍ਰੀਨਿੰਗ ਪ੍ਰਣਾਲੀ ਲਾਗੂ ਕਰਨਗੇ। ਉਨ੍ਹਾਂ ਨੇ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਲੱਭਣ ਦੀ ਪ੍ਰਣਾਲੀ ਵਿਕਸਤ ਕਰਨ ਦਾ ਭਰੋਸਾ ਵੀ ਦਿੱਤਾ ਸੀ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ।
ਪੂਰਬੀ ਇੰਗਲੈਂਡ ਦੇ ਸ਼ਹਿਰ ਸਾਉਥੈਂਡ-ਆਨ-ਸੀ ਵਿਚ ਤੜਕਸਾਰ ਤੋਂ ਹੀ ਲੋਕ ਕੋਰੋਨਾ ਟੈਸਟ ਕੇਂਦਰ ਵਿਚ ਇਕੱਠੇ ਹੋਏ ਸਨ। ਟੈਸਟ ਕੇਂਦਰ ਵਿਚ ਇਕ ਲੰਬੀ ਲਾਈਨ ਸੀ ਤੇ ਹਰ ਕੋਈ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਿਹਾ ਸੀ।
ਬ੍ਰਿਟੇਨ ਦੇ ਨਿਆਂ ਮੰਤਰੀ ਰਾਬਰਟ ਬਕਲੈਂਡ ਨੇ ਕਿਹਾ ਕਿ ਪ੍ਰਯੋਗਸ਼ਾਲਾਵਾਂ ਦੀ ਸਮਰੱਥਾ ਇਕ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚੇ, ਉਨ੍ਹਾਂ ਦੇ ਮਾਪੇ, ਸਿਹਤ ਤੇ ਦੇਖਭਾਲ ਕੇਂਦਰਾਂ ਨਾਲ ਜੁੜੇ ਲੋਕਾਂ ਦਾ ਟੈਸਟ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ। ਸੰਸਦੀ ਸਿਹਤ ਕਮੇਟੀ ਦੇ ਚੇਅਰ ਮੈਨ ਜੇਰੇਮੀ ਹੰਟ ਦਾ ਕਹਿਣਾ ਹੈ ਕਿ ਰੋਜ਼ਾਨਾ 5 ਲੱਖ ਨਹੀਂ ਸਗੋਂ 20 ਲੱਖ ਲੋਕਾਂ ਦੇ ਟੈਸਟ ਹੋਣੇ ਚਾਹੀਦੇ ਹਨ ਤਾਂ ਕਿ ਦੇਸ਼ ਦੇ ਹਰ ਵਿਅਕਤੀ ਦੀ ਹਰ ਮਹੀਨੇ ਜਾਂਚ ਹੋ ਸਕੇ।