ਕੋਰੋਨਾ ਜਾਂਚ ਲਈ ਖੁਦ ਨਮੂਨਾ ਲੈਣਾ ਵਧੇਰੇ ਸੁਰੱਖਿਅਤ ਤੇ ਸਟੀਕ : ਸਟੈਨਫੋਰਡ ਯੂਨੀਵਰਸਿਟੀ
Monday, Jun 15, 2020 - 10:47 PM (IST)
ਵਾਸ਼ਿੰਗਟਨ- ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਕਿ ਕੋਵਿਡ -19 ਦੀ ਜਾਂਚ ਲਈ ਸਿਹਤ ਕਾਮਿਆਂ ਦੀ ਥਾਂ ਜੇਕਰ ਕੋਈ ਵਿਅਕਤੀ ਨੱਕ ਵਿਚੋਂ ਨਮੂਨਾ ਆਪਣੇ-ਆਪ ਲੈਂਦਾ ਹੈ ਤਾਂ ਇਹ ਵਧੇਰੇ ਸਹੀ ਅਤੇ ਸੁਰੱਖਿਅਤ ਹੁੰਦਾ ਹੈ। ਇਹ ਨਤੀਜਾ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਰਸਾਲੇ ਵਿਚ ਪ੍ਰਕਾਸ਼ਿਤ ਹੈ, ਜੋ 30 ਵਿਅਕਤੀਆਂ 'ਤੇ ਅਧਾਰਤ ਹੈ।
ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਨੱਕ ਦੇ ਨਮੂਨੇ ਦਾ ਅਧਿਐਨ ਕਰਨਾ ਮੌਜੂਦਾ ਸਮੇਂ ਵਿਚ ਨੱਕ ਦੇ ਉੱਪਰਲੇ ਹਿੱਸੇ ਤੋਂ ਲਏ ਜਾ ਰਹੇ ਨਮੂਨੇ ਤੋਂ ਵਧੇਰੇ ਆਸਾਨ ਹਨ। ਖੋਜਕਾਰਾਂ ਨੇ ਕਿਹਾ ਕਿ ਜਿਹੜੇ ਲੋਕ ਟੈਸਟ ਕਿੱਟ ਦੀ ਵਰਤੋਂ ਕਰਨਗੇ, ਉਨ੍ਹਾਂ ਨੂੰ ਲੈਬ ਤੱਕ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਨਾਲ ਯਾਤਰਾ ਦੌਰਾਨ ਹੋਰ ਲੋਕਾਂ ਅਤੇ ਸਿਹਤ ਕਾਮਿਆਂ ਦੇ ਸੰਕਰਮਿਤ ਹੋਣ ਦਾ ਖਤਰਾ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਮੈਡੀਕਲ ਕਾਮਿਆਂ ਨੂੰ ਟੈਸਟ ਲੈਣ ਸਮੇਂ ਵਿਅਕਤੀਗਤ ਸੁਰੱਖਿਆ ਉਪਕਰਣ (ਪੀ. ਪੀ. ਈ.) ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਯੂਨੀਵਰਸਿਟੀ ਵਿਚ ਪ੍ਰੋਫੈਸਰ ਯਵੋਨੇ ਮਾਲਡੋਨਾਲਡੋ ਨੇ ਕਿਹਾ ਕਿ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਦੀ ਗਤੀ ਘੱਟ ਕਰਨ ਲਈ ਸਾਨੂੰ ਜਾਂਚ ਸਮਰੱਥਾ ਤੁਰੰਤ ਵਧਾਉਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ 4 ਤੋਂ 37 ਦਿਨਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ।