ਗੈਸਟ੍ਰੋਐਂਟ੍ਰੋਲਾਜਿਸਟ ਨੇ ਕਿਹਾ- ''ਪੂਰੀ ਦੁਨੀਆ ਅਗਲੇ ਸਾਲ ਦੇ ਅੰਤ ਤੱਕ ਕੋਵਿਡ ਮੁਕਤ ਹੋਵੇਗੀ''

09/26/2020 10:36:58 PM

ਜਲੰਧਰ, (ਧਵਨ)- ਕੋਵਿਡ-19 ਦਾ ਇਲਾਜ ਕਰਨ ਵਾਲਾ ਟੀਕਾ ਅਤੇ ਡਰੱਗ ਦੇ ਅਜੇ ਤੱਕ ਬਾਜ਼ਾਰ ’ਚ ਨਾ ਆਉਣ ਅਤੇ ਸਮੁੱਚੀ ਦੁਨੀਆ ਦੀ ਨਵੀਂ ਵੈਕਸੀਨ ’ਤੇ ਨਜ਼ਰਾਂ ਦੇ ਟਿਕੇ ਹੋਣ ਦਰਮਿਆਨ ਪ੍ਰਮੁੱਖ ਗੈਸਟ੍ਰੋਐਂਟ੍ਰੋਲਾਜਿਸਟ ਅਤੇ ਏਸ਼ੀਅਨ ਇੰਸਟੀਚਿਊਟ ਗੈਸਟ੍ਰੋਐਂਟ੍ਰੋਲਾਜਿਸਟ ਦੇ ਚੇਅਰਮੈਨ ਡਾ. ਨਾਗੇਸ਼ਵਰ ਰੈੱਡੀ ਨੇ ਕਿਹਾ ਹੈ ਕਿ ਭਾਵੇਂ ਅਪ੍ਰੈਲ 2021 ਤੱਕ ਵਧੇਰੇ ਲੋਕਾਂ ਨੂੰ ਕੋਵਿਡ ਤੋਂ ਇਲਾਜ ਲਈ ਟੀਕਾ ਲਾਇਆ ਜਾਵੇਗਾ ਪਰ ਦੁਨੀਆ 2021 ਦੇ ਅੰਤ ਤੱਕ ਹੀ ਕੋਵਿਡ ਤੋਂ ਮੁਕਤ ਹੋ ਸਕੇਗੀ।

ਉਨ੍ਹਾਂ ਕਿਹਾ ਜੇ ਸਭ ਲੋਕ ਮਾਸਕ ਪਹਿਣਦੇ ਹਨ ਤਾਂ ਇਸ ਨੂੰ ਇਕ ਤਰ੍ਹਾਂ ਨਾਲ ਟੀਕੇ ਵਜੋਂ ਹੀ ਮੰਨਿਆ ਜਾਵੇਗਾ। ਸਭ ਲੋਕਾਂ ਵੱਲੋਂ ਮਾਸਕ ਪਹਿਨਣ ਕਾਰਨ 6 ਹਫਤਿਆਂ ਅੰਦਰ ਹੀ ਇਨਫੈਕਸ਼ਨ ਦੀ ਦਰ ਹੇਠਾਂ ਆ ਸਕਦੀ ਹੈ ਪਰ ਮੰਦੇਭਾਗੀ ਲੋਕ ਇਸ ਦੀ ਪਾਲਨਾ ਨਹੀਂ ਕਰ ਰਹੇ। ਜੇ ਸਭ ਲੋਕ ਸਹੀ ਢੰਗ ਨਾਲ ਮਾਸਕ ਪਹਿਣਦੇ ਹਨ ਤਾਂ ਉਸ ਨੂੰ 90 ਫੀਸਦੀ ਲਾਕਡਾਊਨ ਦੇ ਬਰਾਬਰ ਮੰਨਿਆ ਜਾਵੇਗਾ। ਖੋਜ ਤੋਂ ਪਤਾ ਲੱਗਦਾ ਹੈ ਕਿ ਜੇ ਤੁਸੀਂ ਹੌਲੀ ਬੋਲਦੇ ਹੋ ਜਾਂ ਮੱਠਾ ਹਾਸਾ ਹੱਸਦੇ ਹੋ ਤਾਂ ਵੀ ਤੁਸੀਂ 9 ਫੁੱਟ ਤੱਕ ਇਨਫੈਕਸ਼ਨ ਫੈਲਾ ਸਕਦੇ ਹੋ। ਸ਼ੁਰੂ ’ਚ ਅਸੀਂ ਸਭ ਇਹ ਸਮਝਦੇ ਸੀ ਕਿ 6 ਫੁੱਟ ਦੀ ਦੂਰੀ ਤੱਕ ਹੀ ਇਨਫੈਕਸ਼ਨ ਫੈਲਦੀ ਹੈ ਪਰ ਹੁਣ 9 ਫੁੱਟ ਦੀ ਦੂਰੀ ਤੱਕ ਵੀ ਇਨਫੈਕਸ਼ਨ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ’ਚ ਕੋਵਿਡ ਕਾਰਨ ਮੌਤਾਂ ਦੀ ਦਰ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਇੱਥੋਂ ਤੱਕ ਕਿ ਭਾਰਤ ’ਚ ਵੀ ਮੌਤਾਂ ਦੀ ਦਰ ਵਧੇਰੇ ਨਹੀਂ ਹੈ। ਇਹ ਅਨੁਮਾਨ ਦੇਸ਼ ਦੀ ਆਬਾਦੀ ਮੁਤਾਬਕ ਹੈ। ਵੀਅਤਨਾਮ, ਕੰਬੋਡੀਆ ਅਤੇ ਮਿਆਂਮਾਰ ’ਚ ਵੀ ਇਨਫੈਕਸ਼ਨ ਘੱਟ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੇ ਅੱਧ ਤੋਂ ਮਹਾਮਾਰੀ ਦੇ ਅੰਤ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਅਪ੍ਰੈਲ 2021 ਤੱਕ ਵਧੇਰੇ ਲੋਕਾਂ ਨੂੰ ਵੈਕਸੀਨ ਲੱਗ ਸਕੇਗੀ। 2021 ਦੇ ਅੰਤ ਤੱਕ ਪੂਰੀ ਦੁਨੀਆ ਕੋਵਿਡ ਮੁਕਤ ਹੋ ਸਕੇਗੀ। ਦੁਨੀਆ ’ਚ ਆਮ ਵਰਗੀ ਜ਼ਿੰਦਗੀ 2021 ਦੇ ਅੰਤ ’ਚ ਬਹਾਲ ਹੋ ਜਾਵੇਗੀ।
 


Sanjeev

Content Editor

Related News