ਕੋਵਿਡ-19: ਫਿਲਪੀਨਜ਼ ‘ਚ ਭਾਰਤੀਆਂ ਲਈ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ
Saturday, Mar 21, 2020 - 11:40 AM (IST)

ਮਨੀਲਾ : ਕੋਵਿਡ-19 ਯਾਨੀ ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਵਲੋਂ ਲਾਈ ਗਈ ਰੋਕ ਵਿਚਕਾਰ ਫਿਲਪੀਨਜ਼ ਵਿਚ ਭਾਰਤੀ ਦੂਤਘਰ ਨੇ ਉੱਥੇ ਮੌਜੂਦ ਸਾਰੇ ਭਾਰਤੀਆਂ ਲਈ ਯਾਤਰਾ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਫਿਲਪੀਨਜ਼ ਵਿਚ ਮੌਜੂਦ ਭਾਰਤੀ ਰਾਜਦੂਤ ਨੇ ਟਰੈਵਲ ਐਡਵਾਈਜ਼ਰੀ ਨਾਲ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਹ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਦੇਸ਼ੀ ਯਾਤਰੀ ਨੂੰ 22 ਮਾਰਚ ਤੱਕ ਭਾਰਤ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਪਹਿਲਾਂ ਹੀ ਆਪਣੇ ਦੇਸ਼ ਦੇ ਲੋਕਾਂ ਲਈ ਕੋਰੋਨਾ ਵਾਇਰਸ ਤੋਂ ਰੱਖਿਆ ਲਈ ਐਡਵਾਇਜ਼ਰੀ ਜਾਰੀ ਕਰ ਚੁੱਕੀ ਹੈ। ਭਾਰਤ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਪ੍ਰਸਾਰ ਕਾਰਨ ਅਫਗਾਨਿਸਤਾਨ, ਮਲੇਸ਼ੀਆ ਤੇ ਫਿਲਪੀਨਜ਼ ਦੇ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਲੋਕ ਭਾਰਤ ਲਈ ਉਡਾਣਾਂ ਨਹੀਂ ਲੈ ਸਕਦੇ। ਇਹ ਪਾਬੰਦੀ 31 ਮਾਰਚ ਤੱਕ ਲਗਾਈ ਗਈ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਮਨੀਲਾ ਏਅਰਪੋਰਟ 'ਤੇ ਭਾਰਤ ਦੇ ਤਕਰੀਬਨ 200 ਦੇ ਲੋਕ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣ ਵਿਚ ਸਹਾਇਤਾ ਕਰਨ। ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤਾ ਹੋਇਆ ਹੈ। ਹੁਣ ਤੱਕ ਇਸ ਦਾ ਕੋਈ ਇਲਾਜ ਨਹੀਂ ਮਿਲਿਆ ਹੈ। ਵਾਇਰਸ ਨੂੰ ਰੋਕਣ ਲਈ ਅਮਰੀਕਾ ਦੇ ਸਿਆਟਲ ਵਿਚ ਟੀਕੇ ਦਾ ਪਹਿਲਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਵਿਸ਼ਵ ਭਰ ਵਿਚ 11 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ, ਜਦੋਂ ਕਿ 2 ਲੱਖ ਤੋਂ ਜ਼ਿਆਦਾ ਲੋਕ ਇਸ ਮਹਾਂਮਾਰੀ ਨਾਲ ਪੀੜਤ ਹਨ।