...ਤੇ ਇਹ ਹੈ ਕੋਵਿਡ-19 ਤੋਂ ਬੱਚਿਆਂ ਦੇ ਬਚੇ ਰਹਿਣ ਦਾ ਰਾਜ਼
Thursday, Jul 09, 2020 - 04:17 PM (IST)
ਹਿਊਸਟਨ/ਅਮਰੀਕਾ (ਭਾਸ਼ਾ) : ਬੱਚਿਆਂ ਵਿਚ ਫੇਫੜਿਆਂ ਦੇ ਕੰਮ ਕਰਣ ਦੇ ਤੌਰ-ਤਰੀਕੇ ਅਤੇ ਰੋਗ ਇਮਿਊਨ ਸਿਸਟਮ ਦੇ ਕੰਮਕਾਜ ਵਿਚ ਥੋੜ੍ਹੇ ਅੰਤਰ ਤੋਂ ਪਤਾ ਲੱਗ ਸਕਦਾ ਹੈ ਕਿ ਬਾਲਗਾਂ ਦੇ ਮੁਕਾਬਲੇ ਕੋਵਿਡ-19 ਨਾਲ ਜੁੜੀ ਗੰਭੀਰ ਬੀਮਾਰੀਆਂ ਤੋਂ ਬੱਚੇ ਕਿਵੇਂ ਜ਼ਿਆਦਾ ਬਚੇ ਰਹਿੰਦੇ ਹਨ। ਅਮਰੀਕਾ ਵਿਚ ਯੂਨੀਵਰਸਿਟੀ ਆਫ ਟੈਕਸਾਸ ਹੈਲਥ ਸਾਇੰਸ ਸੈਂਟਰ ਦੇ ਵਿਗਿਆਨੀਆਂ ਨੇ ਕਿਹਾ ਕਿ ਅਮਰੀਕਾ ਦੀ 22 ਫ਼ੀਸਦੀ ਆਬਾਦੀ 18 ਸਾਲ ਤੱਕ ਦੇ ਬੱਚਿਆਂ ਦੀ ਹੈ ਪਰ ਦੇਸ਼ ਵਿਚ ਕੋਵਿਡ-19 ਦੇ ਪਹਿਲੇ 1,49,082 ਮਾਮਲਿਆਂ ਵਿਚ ਕਰੀਬ 1.7 ਫ਼ੀਸਦੀ ਮਾਮਲੇ ਹੀ ਇਸ ਉਮਰ ਵਰਗ ਨਾਲ ਜੁੜੇ ਹਨ। ਇਹ ਖੋਜ ਅਮਰੀਕੀ ਪਤ੍ਰਿਕਾ ‘ਲੰਗ ਸੇਲੁਲਰ ਐਂਡ ਮੋਲੇਕਿਊਲਰ ਫਿਜਿਓਲਾਜੀ’ ਵਿਚ ਪ੍ਰਕਾਸ਼ਿਤ ਹੋਈ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਮਨੁੱਖਾਂ ਵਿਚ ਪਾਇਆ ਜਾਣ ਵਾਲਾ ਅਣੂ ਐਨਜੀਓਟੈਨਸਿਨ ਜਾਂ ਏਸੀਈ2 ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਘੱਟ ਗਿਣਤੀ ਵਿਚ ਪਾਇਆ ਜਾਂਦਾ ਹੈ। ਇਹ ਅਣੂ ਕੋਰੋਨਾ ਵਾਇਰਸ ਨੂੰ ਸੈੱਲਾਂ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਹੈ। ਅਧਿਐਨ ਦੇ ਸਹਿ-ਲੇਖਕ ਮੈਥਿਊ ਹਾਰਟਿੰਗ ਨੇ ਕਿਹਾ, ‘ਏਸੀਈ2 ਵਿਸ਼ਾਣੁ ਦੇ ਪ੍ਰਵੇਸ਼ ਲਈ ਅਹਿਮ ਹੁੰਦਾ ਹੈ ਅਤੇ ਇਹ ਬੱਚਿਆਂ ਵਿਚ ਘੱਟ ਗਿਣਤੀ ਵਿਚ ਪਾਇਆ ਜਾਂਦਾ ਹੈ ਕਿਉਂਕਿ ਇਹ ਉਮਰ ਦੇ ਨਾਲ ਵੱਧਦੇ ਹਨ।’ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਰੋਗ ਇਮਿਊਨ ਸਿਸਟਮ ਬਾਲਗਾਂ ਦੇ ਮੁਕਾਬਲੇ ਵੱਖ ਤਰੀਕੇ ਨਾਲ ਕੰਮ ਕਰਦਾ ਹੈ ਜਿਸ ਨਾਲ ਬੱਚਿਆਂ ਵਿਚ ਗੰਭੀਰ ਬੀਮਾਰੀ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।