ਕੋਵਿਡ-19: ਬੰਗਲਾਦੇਸ਼ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ

Sunday, Jun 21, 2020 - 09:00 PM (IST)

ਕੋਵਿਡ-19: ਬੰਗਲਾਦੇਸ਼ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ

ਢਾਕਾ (ਭਾਸ਼ਾ): ਬੰਗਲਾਦੇਸ਼ ਦੀ ਰਾਸ਼ਟਰੀ ਹਵਾਈ ਕੰਪਨੀ 'ਬਿਮਾਨ ਬਾਂਗਲਾਦੇਸ਼ ਏਅਰਲਾਈਨਸ' ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਗੂ ਕੀਤੇ ਜਾਣ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਐਤਵਾਰ ਨੂੰ ਉਡਾਣਾਂ ਦੀ ਸ਼ੁਰੂਆਤ ਕੀਤੀ। ਏਅਰਲਾਈਨਸ ਦੇ ਡਿਪਟੀ ਜਨਰਲ ਮੈਨੇਜਰ (ਜਨ ਸੰਪਰਕ) ਤਾਹੇਰਾ ਖੰਡਾਕਰ ਨੇ 'ਦ ਡੇਲੀ ਸਟਾਰ' ਨੂੰ ਦੱਸਿਆ ਕਿ ਉਡਾਣ ਸੰਖਿਆ ਬੀਜੀ001 787-8 ਹਜਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 187 ਯਾਤਰੀਆਂ ਦੇ ਨਾਲ ਲੰਡਨ ਦੇ ਲਈ ਰਵਾਨਾ ਹੋਈ।

ਬੰਗਲਾਦੇਸ਼ ਪਬਲਿਕ ਐਵੀਏਸ਼ਨ ਅਥਾਰਟੀ ਦੇ ਪ੍ਰਧਾਨ ਏਅਰ ਵਾਈਸ ਮਾਰਸ਼ਨ ਐੱਮ. ਮਫੀਦੁਰ ਰਹਿਮਾਨ ਨੇ ਕਿਹਾ ਕਿ ਢਾਕਾ ਤੋਂ ਲੰਡਨ ਜਾਣ ਵਾਲੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਨਹੀਂ ਹੋਣ ਸਬੰਧੀ ਕਿਸੇ ਤਰ੍ਹਾਂ ਦਾ ਸਿਹਤ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ, ਪਰ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਸਾਰੇ ਯਾਤਰੀਆਂ ਨੂੰ 14 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਦਿੱਤੇ ਗਏ। ਦੇਸ਼ ਵਿਚ ਇਕ ਜੂਨ ਤੋਂ ਘਰੇਲੂ ਉਡਾਣਾਂ ਨੂੰ ਆਗਿਆ ਦੇ ਦਿੱਤੀ ਗਈ ਸੀ।


author

Baljit Singh

Content Editor

Related News