ਸਿੱਖ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ, 4 ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਕੀਤੀ ਮਨਜ਼ੂਰ
Monday, Jun 14, 2021 - 03:13 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਤੋਂ ਇਕ ਸਿੱਖ ਨੌਜਵਾਨ ਦੇ 27 ਮਾਰਚ 2021 ਨੂੰ ਹੋਏ ਅਗਵਾ ਦੇ ਮਾਮਲੇ ’ਚ ਅਦਾਲਤ ਨੇ ਕੇਸ ’ਚ ਪੁਲਸ ਵੱਲੋਂ ਨਾਮਜ਼ਦ ਚਾਰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰਦਿਆਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ 27 ਮਾਰਚ 2021 ਨੂੰ ਪੇਸ਼ਾਵਰ ਦੇ ਛਾਉਣੀ ਇਲਾਕੇ ਤੋਂ ਇਕ ਸਿੱਖ ਨੌਜਵਾਨ ਅਵਿਨਾਸ਼ ਸਿੰਘ ਲਾਪਤਾ ਹੋ ਗਿਆ ਸੀ। ਇਸ ਸਬੰਧੀ ਅਵਿਨਾਸ਼ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਗੁਲਬਰਗ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ। ਪਹਿਲਾਂ ਤਾਂ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਬਾਅਦ ’ਚ ਪਰਵਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਇਕ ਔਰਤ ਜਰਨਲਿਸਟ ਮਨਮੀਤ ਕੌਰ, ਸਲੀਮ ਮਸੀਹ, ਈਵਨ ਸਿੰਘ ਭੱਟੀ ਅਤੇ ਰੋਹਿਤ ਸਿੰਘ ਸਾਰੇ ਨਿਵਾਸੀ ਪੇਸ਼ਾਵਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ‘ਕੋਰੋਨਾ’ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਨ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਆਈ ਸਾਹਮਣੇ
ਸੂਤਰਾਂ ਦੇ ਅਨੁਸਾਰ ਚਾਰਾਂ ਦੋਸ਼ੀਆਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ 29 ਮਈ ਨੂੰ ਪੁਲਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਜਿਵੇਂ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਅਵਿਨਾਸ਼ ਸਿੰਘ ਕੋਹਾਤ ਪੁਲਸ ਸਟੇਸ਼ਨ ਦੇ ਬਾਹਰ ਜ਼ਖ਼ਮੀ ਹਾਲਤ ਵਿਚ ਮਿਲ ਗਿਆ। ਅਵਿਨਾਸ਼ ਸਿੰਘ ਦੇ ਲਾਪਤਾ ਹੋਣ ਦਾ ਮਾਮਲਾ ਸਿੰਧ ਵਿਧਾਨ ਸਭਾ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਸੀ। ਅਦਾਲਤ ’ਚ ਇਸ ਕੇਸ ਦੀ ਸੁਣਵਾਈ ਵਿਚ ਦੋਸ਼ੀਆਂ ਵੱਲੋਂ ਸ਼ਨੀਵਾਰ ਨੂੰ ਪੇਸ਼ ਹੋਏ ਵਕੀਲ ਨੌਮਨ ਮੁਹੀਬ ਨੇ ਪੁਲਸ ਅਤੇ ਅਵਿਨਾਸ਼ ਸਿੰਘ ਦੇ ਪਰਿਵਾਰ ’ਤੇ ਦੋਸ਼ ਲਗਾਇਆ ਕਿ ਜਰਨਲਿਸਟ ਮਨਮੀਤ ਕੌਰ ਅਤੇ ਅਵਿਨਾਸ਼ ਸਿੰਘ ਦੇ ਪਰਿਵਾਰ ਵਿਚਾਲੇ ਪੁਰਾਣਾ ਝਗੜਾ ਚੱਲ ਰਿਹਾ ਹੈ ਅਤੇ ਜਾਇਦਾਦ ਸਬੰਧੀ ਕਈ ਕੇਸ ਅਦਾਲਤ ’ਚ ਚੱਲ ਰਹੇ ਹਨ।
ਇਹ ਵੀ ਪੜ੍ਹੋ : ਲੈਬ ’ਚੋਂ ‘ਕੋਰੋਨਾ’ ਦੀ ਉਤਪਤੀ ’ਤੇ ਬੋਰਿਸ ਜੋਹਨਸਨ ਦਾ ਵੱਡਾ ਬਿਆਨ
ਦੋਸ਼ੀਆਂ ਦੇ ਗ੍ਰਿਫਤਾਰ ਹੁੰਦੇ ਹੀ ਅਵਿਨਾਸ਼ ਸਿੰਘ ਦੇ ਲੱਗਭਗ ਦੋ ਮਹੀਨਿਆਂ ਬਾਅਦ ਆਪਣੇ ਆਪ ਹੀ ਸਾਹਮਣੇ ਆ ਜਾਣਾ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦਾ ਹੈ। ਅਵਿਨਾਸ਼ ਸਿੰਘ ਦਾ ਮੈਡੀਕਲ ਕਰਨ ਵਾਲੀ ਟੀਮ ਨੇ ਵੀ ਰਿਪੋਰਟ ਦਿੱਤੀ ਹੈ ਕਿ ਅਵਿਨਾਸ਼ ਸਿੰਘ ਦੇ ਸਰੀਰ ’ਤੇ ਜੋ ਸੱਟਾਂ ਦੇ ਨਿਸ਼ਾਨ ਹਨ, ਉਹ ਕਿਸੇ ਹਥਿਆਰ ਨਾਲ ਲੱਗੇ ਨਹੀਂ ਹਨ। ਫਿਰ ਸ਼ਿਕਾਇਤਕਰਤਾ ਪਰਵਿੰਦਰ ਸਿੰਘ ਦੇ ਮੋਬਾਇਲ ਦਾ ਕਾਲ ਡਾਟਾ ਵੀ ਇਹ ਸ਼ੋਅ ਕਰਦਾ ਹੈ ਕਿ ਪਰਵਿੰਦਰ ਸਿੰਘ ਅਤੇ ਲਾਪਤਾ ਹੋਏ ਅਵਿਨਾਸ਼ ਸਿੰਘ ਵਿਚਾਲੇ 27 ਮਾਰਚ ਤੋਂ ਬਾਅਦ ਵੀ ਸਮੇਂ-ਸਮੇਂ ’ਤੇ ਗੱਲਬਾਤ ਹੁੰਦੀ ਰਹੀ ਹੈ। ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਚਾਰਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਕੇ ਚਾਰਾਂ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਸੁਣਾਇਆ।