ਪਾਕਿ ਅਦਾਲਤ ਨੇ ਅੱਤਵਾਦ ਦੇ ਵਿੱਤੀ ਪੋਸ਼ਣ ਮਾਮਲੇ ''ਚ ਜੈਸ਼-ਏ-ਮੁਹੰਮਦ ਦੇ ਤਿੰਨ ਮੈਂਬਰਾਂ ਨੂੰ ਸੁਣਾਈ ਸਜ਼ਾ

06/01/2019 3:23:05 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਮੈਂਬਰਾਂ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਈ ਰਾਸ਼ੀ ਇਕੱਠੀ ਕਰਨ ਦੇ ਦੋਸ਼ ਵਿਚ ਪੰਜ-ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅੱਤਵਾਦੀ ਸੰਗਠਨ ਜੈਸ਼ ਦੇ ਖਿਲਾਫ ਕਾਰਵਾਈ ਕਰਨ ਲਈ ਕੌਮਾਂਤਰੀ ਭਾਈਚਾਰੇ ਵਲੋਂ ਬਣ ਰਹੇ ਦਬਾਅ ਵਿਚਾਲੇ ਇਹ ਫੈਸਲਾ ਆਇਆ ਹੈ। ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦੀ ਸੰਗਠਨ ਲਈ ਇਕੱਠੀ ਕੀਤੀ ਗਈ ਰਾਸ਼ੀ ਬਰਾਮਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਵੱਖ-ਵੱਖ ਮਾਮਲਿਆਂ ਵਿਚ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ਨੂੰ ਪੰਜਾਬ ਸੂਬੇ ਦੇ ਗੁਜਰਾਂਵਾਲਾ ਸਥਿਤ ਕੇਂਦਰੀ ਜੇਲ ਭੇਜਿਆ ਗਿਆ ਹੈ। ਦੋਸ਼ੀਆਂ ਮੁਹੰਮਦ ਇਫਤਿਖਾਰ, ਮੁਹੰਮਦ ਅਜਮਲ ਅਤੇ ਬਿਲਾਲ 'ਤੇ ਲਗਭਗ 45,000, 50,000 ਅਤੇ 40,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਕ ਖਬਰ ਮੁਤਾਬਕ ਗੁਜਰਾਂਵਾਲਾ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਪਹਿਲਾਂ ਤਿੰਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ।


Sunny Mehra

Content Editor

Related News