ਕੌਂਸਲ ਧੀਰਜ ਨੇ ਭਾਰਤੀਆਂ ਨੂੰ ਪਾਸਪੋਰਟ ਤੇ ਵੀਜ਼ੇ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਦਿੱਤਾ ਇਹ ਸੁਝਾਅ

Wednesday, Sep 01, 2021 - 04:07 PM (IST)

ਕੌਂਸਲ ਧੀਰਜ ਨੇ ਭਾਰਤੀਆਂ ਨੂੰ ਪਾਸਪੋਰਟ ਤੇ ਵੀਜ਼ੇ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਦਿੱਤਾ ਇਹ ਸੁਝਾਅ

ਬਰੈਂਪਟਨ (ਸੁਰਜੀਤ ਸਿੰਘ ਫਲੋਰਾ)-ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਤੋਂ ਕੌਂਸਲ ਧੀਰਜ ਪਾਰਿਕ ਪਿਛਲੇ ਦਿਨੀਂ ਗੁਰੂਘਰ ਨਾਨਕਸਰ ਟਿੰਬਰਲੇਨ ’ਚ ਪਹੁੰਚੇ, ਜਿਥੇ ਉਨ੍ਹਾਂ ਦਾ ਗੁਰੂਘਰ ਦੇ ਪ੍ਰਧਾਨ ਮਲਬਿੰਦਰ ਸਿੰਘ ਸੈਕਟਰੀ, ਗੁਰਮੀਤ ਸਿੰਘ ਅਤੇ ਅਨਮੋਲ ਸਿੰਘ ਲੋਟੇ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਿਕ ਵੱਲੋਂ ਭਾਰਤੀਆਂ ਨੂੰ ਪਾਸਪੋਰਟ ਤੇ ਵੀਜ਼ੇ ਬਾਰੇ ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਸਬੰਧਿਤ ਗੱਲਬਾਤ ਸਾਂਝੀ ਕੀਤੀ ਗਈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਪਾਵਰ ਆਫ ਅਟਾਰਨੀ ਪ੍ਰਤੀ ਆਈਆਂ ਸ਼ਿਕਾਇਤਾਂ ਬਾਰੇ ਗੱਲ ਕੀਤੀ ਗਈ ਕਿ ਕੌਂਸਲੇਟ ਦਫਤਰ ਤੋਂ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਦਿੱਤੀਆਂ ਜਾਂਦੀਆਂ, ਸਾਰੇ ਪੇਪਰਾਂ ’ਤੇ ਦਸਤਖ਼ਤ ਨਹੀਂ ਕੀਤੇ ਜਾਂਦੇ। ਲੋਕਾਂ ਨੇ ਅੱਗੇ ਕਿਹਾ ਕਿ ਜਦੋਂ ਉਹ ਭਾਰਤ ਵਿਚ ਪਾਵਰ ਆਫ ਅਟਾਰਨੀ ਭੇਜਦੇ ਹਨ ਤੇ ਉਹ ਵਾਪਸ ਕਰ ਦਿੰਦੇ ਹਨ ਕਿਉਂਕਿ ਲੋੜੀਂਦੇ ਪੇਪਰਾਂ ’ਤੇ ਕੌਂਸਲ ਦੇ ਦਸਤਖਤ ਨਹੀਂ ਹੁੰਦੇ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਇਨ੍ਹਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਉਨ੍ਹਾਂ ਨੇ ਬਹੁਤ ਹੀ ਸਹਿਜਤਾ ਨਾਲ ਜਵਾਬ ਦਿੰਦਿਆਂ ਇਹ ਸੁਝਾਅ ਦਿੱਤਾ ਕਿ ਸਾਡੀ ਵੈੱਬਸਾਈਟ ’ਤੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ, ਜਿਸ ਤਹਿਤ ਜਿੰਨੇ ਵੀ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨੇ ਹੁੰਦੇ ਹਨ, ਉਨ੍ਹਾਂ ਦੀ ਵੱਖ–ਵੱਖ ਫੀਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਉਸ ਨੂੰ ਪੜ੍ਹਨ ਤੋਂ ਬਿਨਾਂ ਹੀ ਪਹਿਲੀ ਲਾਈਨ ਵਾਲੀ ਫੀਸ ਦੇਖ ਕੇ ਪੇਪਰਾਂ ਨਾਲ ਮਨੀਆਰਡਰ ਲਾ ਕੇ ਸਾਡੇ ਦਫ਼ਤਰ ’ਚ ਦੇ ਜਾਂਦੇ ਹਨ ਤੇ ਅਸੀਂ ਫੀਸ ਦੇ ਹਿਸਾਬ ਨਾਲ ਦਸਤਖ਼ਤ ਕਰਕੇ ਪੇਪਰ ਵਾਪਸ ਕਰ ਦਿੰਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਭ ਨੂੰ ਬੇਨਤੀ ਹੈ ਕਿ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਕੇ ਪੇਪਰ ਤਸੱਲੀ ਨਾਲ ਭਰ ਕੇ ਲੈ ਕੇ ਆਉਣਗੇ ਤਾਂ ਸਾਡਾ ਤੇ ਤੁਹਾਡਾ ਸਮਾਂ ਅਤੇ ਖੱਜਲ-ਖੁਆਰੀ ਤੇ ਮੁਸ਼ਕਿਲਾਂ ਦਾ ਜੋ ਸਾਹਮਣਾ ਕਰਦੇ ਹਾਂ,  ਤੋਂ ਨਿਜਾਤ ਮਿਲ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੇ ਫਾਰਮ ਨੂੰ ਸਮਝਣ ’ਚ ਮੁਸ਼ਕਿਲ ਆ ਰਹੀ ਹੋਵੇ ਤਾਂ ਉਹ ਕੌਂਸਲ ਨੂੰ ਫੋਨ ਕਰਕੇ ਜਾਂ ਕਾਊਂਟਰ ’ਤੇ ਜਾ ਕੇ ਸਾਂਝਿਆਂ ਕਰ ਸਕਦੇ ਹੋ, ਜਿਸ ਨਾਲ ਸਮੇਂ ਤੇ ਖੱਜਲ-ਖੁਆਰੀ ਤੋਂ ਬਚਿਆ ਜਾ ਸਕਦਾ ਹੈ। ਆਖਿਰ ’ਚ ਉਨ੍ਹਾਂ ਆਉਣ ਵਾਲੇ ਦਿਨਾਂ ’ਚ ਬਰੈਂਪਟਨ ਵਿਚ ਗੁਰੂਘਰ ਨਾਨਕਸਰ ’ਚ ਪਾਸਪੋਰਟਾਂ ਨਾਲ ਸਬੰਧਿਤ ਆ ਰਹੀਆਂ ਮੁਸ਼ਕਿਲਾਂ ਬਾਰੇ ਕੈਂਪ ਲਗਾਉਣ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਭ ਭਾਰਤੀ ਹਾਂ ਤੇ ਕੌਂਸਲ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਜਿਸ ਕਰਕੇ ਭਾਵੇਂ ਉਹ ਮੰਦਰ ਹੋਵੇ ਜਾਂ ਗੁਰਦੁਆਰਾ, ਮਸਜਿਦ ਜਾਂ ਚਰਚ ਕੌਂਸਲ ਵੱਲੋਂ ਹਰ ਥਾਂ ’ਤੇ ਪਹੁੰਚ ਕੇ ਭਾਰਤੀਆਂ ਦੀ ਮਦਦ ਕੀਤੀ ਜਾਂਦੀ ਹੈ ਕਿਉਂਕਿ ਹਰ ਕੋਈ ਟੋਰਾਂਟੋ ਦਫ਼ਤਰ ਨਹੀਂ ਜਾ ਸਕਦਾ ਤੇ ਇਹ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਰਹੇਗੀ। ਧੀਰਜ ਪਾਰਿਕ ਨੇ ਉਨ੍ਹਾਂ ਨੂੰ ਗੁਰੂਘਰ ਵਿਖੇ ਸਮਾਂ ਦੇਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਗੁਰੂਘਰ ਦੀ ਕਮੇਟੀ ਦੇ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਵੀ ਭਾਰਤੀਆਂ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਿੱਤ ਕੈਂਪ ਲਗਾਉਣਾ ਹੁੰਦਾ ਤਾਂ ਬਰੈਂਪਟਨ ’ਚ ਸਾਨੂੰ ਗੁਰੂਘਰ ਵੱਲੋਂ ਹਮੇਸ਼ਾ ਜਗ੍ਹਾ ਬਖ਼ਸ਼ ਕੇ ਮਾਣ ਅਤੇ ਪੂਰਾ-ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।
 


author

Manoj

Content Editor

Related News