ਬਿੱਗ ਬੇਨ ਟਾਵਰ ਦੀ ਮੁਰੰਮਤ ਦਾ ਖਰਚਾ 24 ਮਿਲੀਅਨ ਡਾਲਰ ਵਧਿਆ, ਵਧੀ ਸਰਕਾਰ ਦੀ ਚਿੰਤਾ

02/13/2020 3:40:24 PM

ਲੰਡਨ(ਆਈ.ਏ.ਐਨ.ਐਸ.)- ਲੰਡਨ ਦੇ ਮਸ਼ਹੂਰ ਬਿੱਗ ਬੇਨ ਘੰਟੀ ਵਾਲੇ ਐਲਿਜ਼ਾਬੈਥ ਟਾਵਰ ਦੀ ਮੁਰੰਮਤ ਦਾ ਖਰਚਾ ਬੰਬ ਕਾਰਨ ਹੋਏ ਨੁਕਸਾਨ ਤੇ ਏਸਬੇਸਟੋਸ ਦੀ ਖੋਜ ਤੋਂ ਬਾਅਦ 18.6 ਮਿਲੀਅਨ ਪੌਂਡ (24 ਮਿਲੀਅਨ ਡਾਲਰ) ਤੱਕ ਵਧ ਗਿਆ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਜ਼ਿਆਦਾ ਪੈਸੇ ਦੀ ਜ਼ਰੂਰਤ ਦਾ ਪਤਾ ਕੇਂਦਰੀ ਲੰਡਨ ਵਿਚ 177 ਸਾਲ ਪੁਰਾਣੇ ਢਾਂਚੇ ਦੇ ਇਕ ਤਾਜ਼ਾ ਸਰਵੇਖਣ ਦੌਰਾਨ ਲੱਗਿਆ ਹੈ। ਹਾਊਸ ਆਫ ਕਾਮਨਜ਼ ਕਮਿਸ਼ਨ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਤਾਜ਼ਾ ਖੋਜ ਤੋਂ ਬਾਅਦ ਸਮੁੱਚੀ ਲਾਗਤ 79.7 ਮਿਲੀਅਨ ਪੌਂਡ ਹੋ ਗਈ ਹੈ। ਹਾਊਸ ਆਫ ਕਾਮਨਜ਼ ਦੇ ਡਾਇਰੈਕਟਰ ਜਨਰਲ ਇਯਾਨ ਆਈਲਸ ਨੇ ਕਿਹਾ ਕਿ ਐਲਿਜ਼ਾਬੇਥ ਟਾਵਰ ਦੀ ਮੁਰੰਮਤ, ਜੋ ਕਿ 2017 ਵਿਚ ਸ਼ੁਰੂ ਹੋਈ ਸੀ ਤੇ ਅਗਲੇ ਸਾਲ ਤੱਕ ਜਾਰੀ ਰਹੇਗੀ, ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਹੋ ਗਈ ਹੈ।

ਉਹਨਾਂ ਸਮਝਾਇਆ ਕਿ ਜਦੋਂ ਤੱਕ ਸਰਵੇਖਣ ਨਹੀਂ ਹੁੰਦਾ ਉਦੋਂ ਤੱਕ ਨੁਕਸਾਨ ਦੀ ਪੂਰੀ ਹੱਦ ਨੂੰ ਸਮਝਣਾ ਸੰਭਵ ਨਹੀਂ ਹੁੰਦਾ। ਸਰਵੇਖਣ ਵਿਚ ਸੈਂਕੜੇ ਅਜਿਹੇ ਨੁਕਸਾਨਾਂ ਦਾ ਖੁਲਾਸਾ ਹੋਇਆ ਜਿਹਨਾਂ ਲਈ ਮਾਹਰਾਂ ਦੀ ਲੋੜ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਟਾਵਰ ਦੇ ਬਾਹਰ ਦੇ ਘੜੀ ਡਾਇਲਾਂ ਦੀ ਮੁਰੰਮਦ ਵਿਚ ਹੀ ਵੱਡੀ ਰਾਸ਼ੀ ਖਰਚ ਹੋਣ ਦੀ ਸੰਭਾਵਨਾ ਹੈ। ਟਾਵਰ ਦੀ ਘੜੀ, ਜਿਸਦਾ ਭਾਰ 12 ਟਨ ਹੈ, ਨੂੰ ਪੂਰੀ ਤਰ੍ਹਾਂ ਵੱਖਰਾ ਕਰ ਦਿੱਤਾ ਗਿਆ ਹੈ ਤੇ ਨਿਰੀਖਣ ਕੀਤਾ ਜਾ ਰਿਹਾ ਹੈ। 

ਐਲੀਜ਼ਾਬੇਥ ਟਾਵਰ ਨੂੰ ਅਕਸਰ ਬਿੱਗ ਬੇਨ ਕਿਹਾ ਜਾਂਦਾ ਹੈ, ਪਰੰਤੂ ਇਹ ਬਾਅਦ ਦਾ ਨਾਂ ਸਿਰਫ ਉਸ ਘੰਟੀ ਨੂੰ ਦਰਸਾਉਂਦਾ ਹੈ ਜੋ ਟਾਵਰ ਦੇ ਇਕ ਹਿੱਸੇ ਵਿਚ ਲੱਗੀ ਹੈ। ਪਹਿਲਾਂ ਇਸ ਟਾਵਰ ਨੂੰ ਕਲੌਕ ਟਾਵਰ ਕਿਹਾ ਜਾਂਦਾ ਸੀ ਪਰ 2012 ਵਿਚ ਮਹਾਰਾਣੀ ਦੇ ਸਨਮਾਨ ਵਿਚ ਇਸ ਟਾਵਰ ਦਾ ਨਾਂ ਬਦਲ ਕੇ ਐਲੀਜ਼ਾਬੇਥ ਟਾਵਰ ਰੱਖਿਆ ਗਿਆ ਸੀ।


Baljit Singh

Content Editor

Related News