ਕੈਨੇਡਾ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਇੰਨੀ ਹੋਈ, ਦੇਖੋ ਰਿਪੋਰਟ

Saturday, Jun 13, 2020 - 07:23 AM (IST)

ਓਟਾਵਾ— ਕੈਨੇਡਾ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੁਣ 8,000 ਨੂੰ ਪਾਰ ਕਰ ਗਈ ਹੈ। ਸ਼ੁੱਕਰਵਾਰ ਨੂੰ ਓਂਟਾਰੀਓ 'ਚ 11 ਹੋਰ ਮੌਤਾਂ ਦੀ ਰਿਪੋਰਟ ਆਉਣ ਨਾਲ ਕੈਨੇਡਾ 'ਚ ਕੁੱਲ ਮ੍ਰਿਤਕਾਂ ਦੀ ਗਿਣਤੀ 8,005 ਹੋ ਗਈ । ਓਂਟਾਰੀਓ 'ਚ ਬੀਤੇ 24 ਘੰਟੇ 'ਚ 182 ਨਵੇਂ ਮਾਮਲੇ ਵੀ ਦਰਜ ਹੋਏ ਹਨ।

ਉੱਥੇ ਹੀ, ਕੈਨੇਡਾ ਭਰ 'ਚ ਹੁਣ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 97,700 ਤੋਂ ਪਾਰ ਪਹੁੰਚ ਗਈ ਹੈ। ਕਿਊਬਿਕ ਇਸ ਸਮੇਂ ਸੰਕ੍ਰਮਿਤਾਂ ਅਤੇ ਮੌਤਾਂ ਦੇ ਮਾਮਲੇ 'ਚ ਕੈਨੇਡਾ ਦਾ ਸਭ ਤੋਂ ਵੱਧਾ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ। ਦੂਜੇ ਨੰਬਰ 'ਤੇ ਓਂਟਾਰੀਓ ਹੈ।
ਕੋਵਿਡ-19 ਜਿਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਠੱਪ ਕਰ ਦਿੱਤਾ ਹੈ ਅਤੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਦਾ ਕਾਰਨ ਬਣਿਆ, ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵੱਲੋਂ 11 ਮਾਰਚ ਨੂੰ ਮਹਾਮਾਰੀ ਐਲਾਨਿਆ ਗਿਆ ਸੀ। ਹਾਲਾਂਕਿ, ਕੈਨੇਡਾ ਦੇ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ ਪਰ ਓਂਟਾਰੀਓ ਅਤੇ ਕਿਊਬਿਕ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਉੱਥੇ ਹੀ, ਹਾਲ ਹੀ 'ਚ ਕੈਨੇਡਾ ਦੀ ਪ੍ਰਮੁੱਖ ਜਨਤਕ ਸਿਹਤ ਅਧਿਕਾਰੀ ਡਾ. ਥੈਰੇਸਾ ਟੇਮ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ 15 ਜੂਨ ਤੱਕ ਕੈਨੇਡਾ 'ਚ ਕੁੱਲ ਮੌਤਾਂ ਦੀ ਗਿਣਤੀ 9,400 'ਤੇ ਪਹੁੰਚ ਸਕਦੀ ਹੈ।

ਕਿਊਬਿਕ, ਓਂਟਾਰੀਓ ਦਾ ਤਾਜ਼ਾ ਹਾਲ-
ਸ਼ੁੱਕਰਵਾਰ ਨੂੰ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਕਿਊਬਿਕ 'ਚ ਹੁਣ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 5,148 ਹੋ ਗਈ ਹੈ। ਇਸ ਦੇ ਨਾਲ ਹੀ ਸੰਕ੍ਰਮਿਤਾਂ ਦੀ ਗਿਣਤੀ ਬੀਤੇ 24 ਘੰਟੇ 'ਚ 181 ਵੱਧ ਕੇ 53,666 'ਤੇ ਪਹੁੰਚ ਗਈ ਹੈ। ਹਾਲਾਂਕਿ, ਲਗਾਤਾਰ 5ਵੇਂ ਦਿਨ ਕਿਊਬਿਕ 'ਚ 200 ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਓਂਟਾਰੀਓ ਨੇ ਵੀ ਇਸ ਦੌਰਾਨ 200 ਤੋਂ ਘੱਟ 182 ਨਵੇਂ ਮਾਮਲੇ ਦਰਜ ਕੀਤੇ ਹਨ। ਇਸ ਨਾਲ ਓਂਟਾਰੀਓ 'ਚ ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 31,726 'ਤੇ ਪਹੁੰਚ ਗਈ, ਜਦੋਂ ਕਿ 11 ਹੋਰ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ ਸੂਬੇ 'ਚ 2,498 ਹੋ ਗਈ ਹੈ।


Sanjeev

Content Editor

Related News