ਇਟਲੀ ''ਚ ਮਾਸਕ ਲਈ ਤਰਲੇ ਪਾ ਰਹੇ ਡਾਕਟਰ, ਸਪੇਨ ''ਚ ਟੈਂਟ ਬਣੇ ਹਸਪਤਾਲ
Thursday, Mar 26, 2020 - 08:51 AM (IST)
ਰੋਮ : ਸਪੇਨ ਅਤੇ ਇਟਲੀ ਵਿਚ ਕੋਰੋਨਾ ਵਾਇਰਸ ਦੀਆਂ ਦੁਖਦਾਈ ਕਹਾਣੀਆਂ ਸੁਣ ਕੇ ਤੁਹਾਡਾ ਵੀ ਦਿਲ ਪਸੀਜ ਜਾਵੇਗਾ। ਇਨ੍ਹਾਂ ਦੋਹਾਂ ਦੇਸ਼ਾਂ ਵਿਚ, ਹੁਣ ਕੋਰੋਨਾ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਨਰਸ ਇਸ ਬੀਮਾਰੀ ਦੀ ਲਪੇਟ ਵਿਚ ਆ ਰਹੇ ਹਨ। ਇਟਲੀ ਵਿਚ ਗਾਊਨ, ਦਸਤਾਨੇ, ਮਾਸਕ ਦੀ ਭਾਰੀ ਕਮੀ ਹੈ। ਡਾਕਟਰ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਨਾ ਛੱਡੋ। ਇੱਥੇ ਸਰੋਤਾਂ ਦੀ ਜ਼ਰੂਰਤ ਹੈ।
ਸਪੇਨ ਦੇ ਹੈਲਥ ਕੇਅਰ ਸਿਸਟਮ 'ਤੇ ਸਭ ਨੂੰ ਮਾਣ ਹੁੰਦਾ ਸੀ ਪਰ ਹੁਣ ਦੀ ਸਥਿਤੀ ਦਿਲ ਕੰਬਾਊ ਹੈ ਕਿਉਂਕਿ ਇੱਥੇ ਇਸ ਸਮੇਂ ਮਰੀਜ਼ਾਂ ਦਾ ਇਲਾਜ ਜਿੰਮ ਅਤੇ ਟੈਂਟਾਂ ਵਿੱਚ ਕੀਤਾ ਜਾ ਰਿਹਾ ਹੈ। ਪੀੜਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਬੈੱਡ ਤਾਂ ਕੀ ਕਿਸੇ ਨੂੰ ਫੱਟੇ 'ਤੇ ਵੀ ਪੈਣ ਦੀ ਥਾਂ ਨਹੀਂ ਮਿਲ ਰਹੀ।
ਸਪੇਨ ਦੀ 32 ਸਾਲਾ ਨਰਸ ਨੇ ਪੈਟ੍ਰਸੀਆ ਨੂਨੇਜ਼ ਦਾ ਕਹਿਣਾ ਹੈ ਕਿ ਅਸੀਂ ਹਸਪਤਾਲ ਵਿਚ ਖੰਘ ਦੀ ਆਵਾਜ਼ ਨੂੰ ਸੁਣ ਕੇ ਅੱਕ ਚੁੱਕੇ ਹਾਂ। ਹਰ ਪਾਸੇ ਕੋਰੋਨਾ ਨਾਲ ਤੜਫ ਰਹੇ ਮਰੀਜ਼ ਹਨ ਤੇ ਬਚਾਅ ਦਾ ਕੋਈ ਸਾਧਨ ਨਹੀਂ ਹੈ। ਹੁਣ ਪੈਟ੍ਰਸੀਆ ਖੁਦ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਹੈ। ਉਹ ਜਲਦੀ ਤੰਦਰੁਸਤ ਹੋਣਾ ਚਾਹੁੰਦੀ ਹੈ ਤਾਂ ਜੋ ਉਹ ਦੁਬਾਰਾ ਹਸਪਤਾਲ ਜਾ ਕੇ ਆਪਣੇ ਸਾਥੀਆਂ ਦੀ ਮਦਦ ਕਰ ਸਕੇ। ਉਸ ਨੇ ਕਿਹਾ ਕਿ ਇਹ ਸਭ ਤੋਂ ਭੈੜੀ ਗੱਲ ਹੈ ਕਿ ਉਸ ਨੂੰ ਇਸ ਸਮੇਂ ਘਰ ਵਿਚ ਰਹਿਣਾ ਪੈ ਰਿਹਾ ਹੈ ਜਦੋਂ ਕਿ ਇਸ ਸਮੇਂ ਹਸਪਤਾਲ ਵਿਚ ਉਸ ਦੀ ਸਖ਼ਤ ਜ਼ਰੂਰਤ ਹੈ।
ਸਪੇਨ ਦੀ ਰਾਜਧਾਨੀ ਮੈਡਰਿਡ ਦੇ ਹਸਪਤਾਲਾਂ ਦੀਆਂ ਤਸਵੀਰਾਂ ਇਹ ਦੱਸਣ ਲਈ ਕਾਫ਼ੀ ਹਨ ਕਿ ਕੋਰੋਨਾ ਦੇ ਮਰੀਜ਼ ਬਹੁਤ ਜ਼ਿਆਦਾ ਹਨ ਤੇ ਇਲਾਜ ਦੇ ਸਰੋਤ ਖਤਮ ਹੋਣ ਜਾ ਰਹੇ ਹਨ। ਕਈ ਮਰੀਜ਼ ਹਸਪਤਾਲਾਂ ਦੇ ਵਰਾਂਡੇ ਵਿਚ ਪਏ ਹਨ ।
ਬੁੱਧਵਾਰ ਨੂੰ ਸਪੇਨ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 6500 ਮੈਡੀਕਲ ਸਟਾਫ ਇਸ ਬੀਮਾਰੀ ਨਾਲ ਸੰਕਰਮਿਤ ਹੋ ਗਏ ਹਨ ਅਤੇ ਘੱਟੋ-ਘੱਟ ਤਿੰਨ ਸਿਹਤ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਮੈਡਰਿਡ ਦੇ ਹਸਪਤਾਲ ਦੀ ਇਕ ਨਰਸ ਲੀਡੀਆ ਪਰੇਰਾ ਕਹਿੰਦੀ ਹੈ ਕਿ ਸਾਡੀ ਸਿਹਤ ਵਿਗੜ ਰਹੀ ਹੈ, ਸਾਨੂੰ ਵਧੇਰੇ ਸਿਹਤ ਕਰਮਚਾਰੀਆਂ ਦੀ ਜ਼ਰੂਰਤ ਹੈ। ਇਸ ਹਸਪਤਾਲ ਵਿੱਚ 1000 ਬੈੱਡ ਹਨ। 14 ਮੰਜ਼ਿਲਾ ਹਸਪਤਾਲ ਵਿਚ ਹੁਣ 11 ਮੰਜ਼ਿਲਾਂ 'ਤੇ ਕੋਰੋਨਾ ਦੇ ਮਰੀਜ਼ ਹੀ ਹਨ ।
ਕੋਰੋਨਾ ਦੇ ਉਹ ਮਰੀਜ਼ ਜੋ ਘੱਟ ਗੰਭੀਰ ਹਨ ਉਨ੍ਹਾਂ ਨੂੰ ਬਿਸਤਰੇ ਦੀ ਘਾਟ ਕਾਰਨ ਹਸਪਤਾਲ ਦੇ ਜਿੰਮ ਵਿੱਚ ਰੱਖਿਆ ਗਿਆ ਹੈ ਜਾਂ ਬਾਹਰ ਇਕ ਵੱਡਾ ਟੈਂਟ ਲਗਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।