ਕੋਰੋਨਾ ਦੇ ਸੰਕਟ ਭਰੇ ਦੌਰ ਵਿਚ ਚੀਨ ਦੀ ਸ਼ਰਾਰਤ

Friday, May 01, 2020 - 05:33 PM (IST)

ਕੋਰੋਨਾ ਦੇ ਸੰਕਟ ਭਰੇ ਦੌਰ ਵਿਚ ਚੀਨ ਦੀ ਸ਼ਰਾਰਤ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਤੋਂ ਪਰੇਸ਼ਾਨ ਹੈ। ਦੁਨੀਆ ਦਾ ਹਰ ਦੇਸ਼ ਆਪਣੀ ਤਾਕਤ ਮੁਤਾਬਕ ਕੋਰੋਨਾ ਦਾ ਮੁਕਾਬਲਾ ਕਰ ਰਿਹਾ ਹੈ। ਇਕ ਪਾਸੇ, ਪੂਰੀ ਦੁਨੀਆ ਵਿਚ ਲੋਕ ਬੀਮਾਰੀ ਨਾਲ ਮਰ ਰਹੇ ਹਨ ਅਤੇ ਦੂਜੇ ਪਾਸੇ, ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਆਪਣੀ ਵਿਗੜ ਰਹੀ ਆਰਥ ਵਿਵਸਥਾ ਨੂੰ ਲੈ ਕੇ ਬਹੁਤ ਚਿੰਤਾ ਹੈ। ਆਖਰ ਅਰਥਵਿਵਸਥਾ ਖਰਾਬ ਹੋਵੇਗੀ ਤਾਂ ਲੋਕ ਭੁੱਖ ਨਾਲ ਮਰ ਜਾਣਗੇ। ਵੱਡੀਆਂ ਤਾਕਤਾਂ ਵੀ ਇਸ ਕਾਰਨ ਚਿੰਤਤ ਹਨ ਪਰ ਚੀਨ ਦਾ ਹਿਸਾਬ-ਕਿਤਾਬ ਦੇਖੋ, ਇਸ ਮੁਸੀਬਤ ਵਿਚ ਚੀਨ ਸ਼ਰਾਰਤ ਤੋਂ ਬਾਜ਼ ਨਹੀਂ ਆ ਰਿਹਾ। ਚੀਨ ਦੁਨੀਆ ਭਰ ਦੀਆਂ ਕਈ ਕੰਪਨੀਆਂ ਦੇ ਸ਼ੇਅਰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਉਨ੍ਹਾਂ ਕੰਪਨੀਆਂ ਵਿਚ ਆਪਣੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜੀਆਂ ਕੰਪਨੀਆਂ ਕੋਰੋਨਾ ਸੰਕਟ ਕਾਰਨ ਭਾਰੀ ਦਬਾਅ ਹੇਠ ਹਨ, ਜਿਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਕੋਰੋਨਾ ਸੰਕਟ ਕਾਰਨ ਘੱਟ ਗਈ ਹੈ। ਉੱਥੇ ਹੀ, ਦੂਜੇ ਪਾਸੇ ਚੀਨ ਪੂਰੀ ਦੁਨੀਆ ਨੂੰ ਮਹਿੰਗੀ ਅਤੇ ਮੂੰਹ ਮੰਗੀ ਕੀਮਤ 'ਤੇ ਕੋਰੋਨਾ ਨਾਲ ਨਜਿੱਠਣ ਲਈ ਬਾਇਓਮੈਡੀਕਲ ਉਪਕਰਣ ਉਪਲਬਧ ਕਰਵਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਮੂੰਹ ਮੰਗੀ ਕੀਮਤ ਦੇ ਬਾਅਦ ਵੀ ਚੀਨ ਦੁਨੀਆ ਨੂੰ ਘਟੀਆ ਚੀਜ਼ਾਂ ਦੀ ਸਪਲਾਈ ਕਰ ਰਿਹਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਦੀ ਪ੍ਰਣਾਲੀ ਵਿਚ ਘੁਸਪੈਠ ਕਰ ਚੁੱਕੇ ਚੀਨ ਦੇ ਏਜੰਟ ਚੀਨ ਨੂੰ ਇਸ ਕੋਰੋਨਾ ਸੰਕਟ ਵਿਚ ਮੁਨਾਫਾ ਕਮਾਉਣ ਵਿਚ ਸਹਾਇਤਾ ਕਰ ਰਹੇ ਹਨ। ਇਸ ਕਾਰਨ ਦੋ ਤੋਂ ਤਿੰਨ ਗੁਣਾ ਕੀਮਤਾਂ 'ਤੇ ਚੀਨ ਦੁਨੀਆ ਭਰ ਵਿੱਚ ਬਾਇਓਮੈਡੀਕਲ ਉਪਕਰਣਾਂ ਨੂੰ ਵੇਚ ਰਿਹਾ ਹੈ ਪਰ ਚੀਨ ਨੇ ਇਕ ਹੋਰ ਵੱਡੀ ਸ਼ਰਾਰਤ ਕੀਤੀ ਹੈ। ਸੰਕਟ ਦੀ ਇਸ ਘੜੀ ਵਿਚ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਆਪਣੀ ਸ਼ਰਾਰਤ ਵਧਾ ਦਿੱਤੀ ਹੈ। ਚੀਨ ਨੇ ਵੀਅਤਨਾਮ, ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੇ ਦਾਅਵੇ ਵਾਲੇ ਇਲਾਕਿਆਂ ਵਿਚ ਟਕਰਾਅ ਸ਼ੁਰੂ ਕਰ ਦਿੱਤਾ ਹੈ।

ਦੱਖਣੀ ਚੀਨ ਸਾਗਰ ਵਿਚ ਵੀਅਤਨਾਮੀ ਕਿਸ਼ਤੀ ਤੋੜੀ

ਕੋਰੋਨਾ ਸੰਕਟ ਦੇ ਇਸ ਦੌਰ ਵਿਚ, ਚੀਨ ਦੱਖਣੀ ਚੀਨ ਸਾਗਰ ਵਿਚ ਵੀਅਤਨਾਮ ਨਾਲ ਪੰਗਾ ਲੈ ਕੇ ਬੈਠ ਗਿਆ। ਚੀਨ ਦੀ ਕੋਸਟਗਾਰਡ ਵੇਸਲ ਅਤੇ ਵੀਅਤਨਾਮ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਵਿਚਾਲੇ ਟੱਕਰ ਹੋਈ। ਵੀਅਤਨਾਮ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਪਾਰਸਲ ਟਾਪੂ ਕੋਲ ਸੀ। ਇਸ ਨੂੰ ਚੀਨੀ ਕੋਸਟਗਾਰਡ ਦੇ ਵੇਸਲ ਨੇ ਟੱਕਰ ਮਾਰੀ ਤੇ ਨੁਕਸਾਨ ਪਹੁੰਚਾਇਆ। ਵੀਅਤਨਾਮ ਨੇ ਇਸ 'ਤੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਦਰਅਸਲ, ਚੀਨ ਪਾਰਸਲ ਟਾਪੂ 'ਤੇ ਆਪਣਾ ਅਧਿਕਾਰ ਜਤਾਉਂਦਾ ਹੈ, ਜਦਕਿ ਵੀਅਤਨਾਮ ਦੀ ਵੀ ਦੱਖਣੀ ਚੀਨ ਸਾਗਰ ਦੇ ਇਕ ਹਿੱਸੇ 'ਤੇ ਦਾਅਵੇਦਾਰੀ ਹੈ। 2 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆ ਚੀਨ ਦੀਆਂ ਕਰਤੂਤਾਂ ਤੋਂ ਨਾਰਾਜ਼ ਹੈ ਕਿਉਂਕਿ ਇਸ ਸਮੇਂ ਪੂਰੀ ਦੁਨੀਆ ਦਾ ਧਿਆਨ ਕੋਰੋਨਾ ਨਾਲ ਨਜਿੱਠਣ 'ਤੇ ਕੇਂਦਰਿਤ ਹੈ ਪਰ ਚੀਨ ਇਸ ਮੌਕੇ ਦਾ ਲਾਭ ਦੱਖਣੀ ਚੀਨ ਸਾਗਰ ਵਿਚ ਚੁੱਕਣਾ ਚਾਹੁੰਦਾ ਹੈ। ਦਰਅਸਲ, ਦੱਖਣੀ ਚੀਨ ਸਾਗਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜਿਨ੍ਹਾਂ ਖੇਤਰਾਂ 'ਤੇ ਵੀਅਤਨਾਮ ਦਾ ਦਾਅਵਾ ਹੈ, ਚੀਨ ਉਨ੍ਹਾਂ ਇਲਾਕਿਆਂ ਨੂੰ ਆਪਣਾ ਮੰਨਦਾ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿਚ ਚੀਨ ਦੱਖਣੀ ਚੀਨ ਸਾਗਰ ਉੱਤੇ ਆਪਣੀ ਦਾਅਵੇਦਾਰੀ ਦਾ ਕੇਸ ਹਾਰ ਚੁੱਕਾ ਹੈ। ਸਾਲ 2016 ਵਿਚ ਹੀ, ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਦੱਖਣੀ ਚੀਨ ਸਾਗਰ ਬਾਰੇ ਚੀਨ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ, ਚੀਨ ਨੇ ਲਗਾਤਾਰ ਇਸ ਹੁਕਮ ਦੀਆਂ ਧੱਜੀਆਂ ਉਡਾਈਆਂ ਹਨ।

ਫਿਲੀਪੀਨਜ਼ ਦਾ ਗੁੱਸਾ
ਦਰਅਸਲ, ਕੋਰੋਨਾ ਸੰਕਟ ਤੋਂ ਪਹਿਲਾਂ ਵੀ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਕੋਸਟਗਾਰਡ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਸਨ। 2019 ਵਿਚ, ਦੱਖਣੀ ਚੀਨ ਸਾਗਰ ਵਿਚ ਚੀਨ ਅਤੇ ਫਿਲਪੀਨਜ਼ ਵਿਚਾਲੇ ਟਕਰਾਅ ਹੋ ਗਿਆ ਸੀ। ਫਿਲੀਪੀਨਜ਼ ਅਤੇ ਚੀਨ ਵਿਚਾਲੇ ਦੱਖਣੀ ਚੀਨ ਸਾਗਰ ਦੇ ਕੁਝ ਟਾਪੂਆਂ ਨੂੰ ਲੈ ਕੇ ਵਿਵਾਦ ਵੀ ਹਨ। ਫਿਲੀਪੀਨਜ਼ ਨੇ ਦਾਅਵਾ ਕੀਤਾ ਕਿ ਸਾਲ 2019 ਦੇ ਮੱਧ ਵਿਚ ਦੱਖਣੀ ਸਾਗਰ ਚੀਨ ਵਿਚ ਘੱਟੋ-ਘੱਟ 275 ਚੀਨੀ ਵੇਸਲ ਦੇਖੇ ਗਏ। ਇਹ ਫਿਲਪੀਨਜ਼ ਦੇ ਕਬਜ਼ੇ ਵਾਲੇ ਥੀਟੂ ਆਈਲੈਂਡ ਕੋਲ ਦੇਖੇ ਗਏ ਸਨ, ਜੋ ਫਿਲਪੀਨਜ਼ ਦੇ ਕਬਜ਼ੇ ਵਿਚ ਹਨ। ਵੀਅਤਨਾਮ ਅਤੇ ਚੀਨ ਵਿਚਕਾਰ 2 ਅਪ੍ਰੈਲ ਨੂੰ ਵਿਵਾਦ ਤੋਂ ਬਾਅਦ ਫਿਲਪੀਨਜ਼ ਸਰਗਰਮ ਹੋ ਗਿਆ ਸੀ। ਫਿਲਪੀਨਜ਼ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਚੀਨ ਦੱਖਣੀ ਚੀਨ ਸਾਗਰ ਵਿਚ ਲਗਾਤਾਰ ਆਪਣੀ ਧੱਕੇਸ਼ਾਹੀ ਕਰ ਰਿਹਾ ਹੈ। ਵਿਦੇਸ਼ ਵਿਭਾਗ ਮੁਤਾਬਕ, ਸਾਲ 2019 ਵਿਚ ਫਿਲੀਪੀਨਜ਼ ਦੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਵੀ ਰੀਡ ਬੈਂਕ ਕੋਲ ਚੀਨੀ ਵੇਸਲ ਨੇ ਟੱਕਰ ਮਾਰ ਦਿੱਤੀ ਸੀ। ਇਸ ਨਾਲ ਭਾਰੀ ਨੁਕਸਾਨ ਹੋਇਆ ਸੀ ਅਤੇ ਕਈ ਮਛੇਰੇ ਮਰਦੇ-ਮਰਦੇ ਬਚੇ ਸਨ। ਰੀਡ ਬੈਂਕ ਫਿਲਪੀਨਜ਼ ਦੇ ਵਿਸ਼ੇਸ਼ ਆਰਥਿਕ ਖੇਤਰ ਵਿਚ ਆਉਂਦਾ ਹੈ। ਇਸ ਸਬੰਧ ਵਿਚ 2016 ਵਿਚ ਹੇਟ ਸਥਿਤ ਇੰਟਰਨੈਸ਼ਨਲ ਟ੍ਰਿਬਿਊਨ ਨੇ 2016 ਵਿਚ ਫਿਲਪੀਨਜ਼ ਦੇ ਹੱਕ ਵਿਚ ਫੈਸਲਾ ਦਿੱਤਾ ਸੀ।

ਇੰਡੋਨੇਸ਼ੀਆ ਦੇ ਸਮੁੰਦਰੀ ਖੇਤਰ ਵਿੱਚ ਵੀ ਘੁਸਪੈਠ ਹੋਈ
ਦੱਖਣੀ ਚੀਨ ਸਾਗਰ ਵਿਚ ਮਾਮਲਾ ਵਿਅਤਨਾਮ ਜਾਂ ਫਿਲਪੀਨਜ਼ ਤਕ ਖਤਮ ਨਹੀਂ ਹੁੰਦਾ। ਇਸ ਸਾਲ ਜਨਵਰੀ ਵਿਚ ਮੱਛੀਆਂ ਫੜਨ ਵਾਲੀਆਂ ਚੀਨੀ ਕਿਸ਼ਤੀਆਂ ਨੇ ਇੰਡੋਨੇਸ਼ੀਆ ਦੇ ਸਮੁੰਦਰੀ ਇਲਾਕੇ ਵਿਚ ਮੌਜੂਦਾ ਨਟੂਨਾ ਰੀਜੈਂਸੀ ਟਾਪੂ ਸਮੂਹ ਦੇ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਦੱਖਣੀ ਚੀਨ ਸਾਗਰ ਦੇ ਦੱਖਣ ਵਿੱਚ ਸਥਿਤ ਹੈ। ਇੰਡੋਨੇਸ਼ੀਆ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ। ਇੰਡੋਨੇਸ਼ੀਆ ਨੇ ਦੋਸ਼ ਲਾਇਆ ਕਿ ਉਸ ਦੇ ਐਕਸਲੂਸਿਵ ਇਕਨਾਮਿਕ ਜ਼ੋਨ ਵਿਚ ਚੀਨ ਦੇ ਮੱਛੀ ਫੜਨ ਵਾਲੇ ਜਹਾਜ਼ ਨੇ ਘੁਸਪੈਠ ਕੀਤੀ ਤੇ ਇਸ ਦੇ ਵਿਸ਼ੇਸ਼ ਆਰਥਿਕ ਖੇਤਰ ਵਿਚ ਘੁਸਪੈਠ ਕੀਤੀ ਅਤੇ ਇੰਡੋਨੇਸ਼ੀਆ ਦੇ ਜਲ ਸੈਨਿਕਾਂ ਨੇ ਸਮੁੰਦਰੀ ਜਹਾਜ਼ਾਂ ਨੂੰ ਆਪਣੇ ਸਮੁੰਦਰੀ ਤੱਟ ਤੋਂ ਭਜਾ ਦਿੱਤਾ। ਇੰਡੋਨੇਸ਼ੀਆ ਅਤੇ ਚੀਨ ਵਿਚਾਲੇ ਫਿਲਹਾਲ ਸੰਬੰਧ ਚੰਗੇ ਹਨ। ਹਾਲਾਂਕਿ, ਚੀਨ ਲਗਾਤਾਰ ਉਨ੍ਹਾਂ ਦੇਸ਼ਾਂ ਨਾਲ ਧੱਕਾ ਵੀ ਕਰਦਾ ਰਿਹਾ ਹੈ, ਜਿਨ੍ਹਾਂ ਨਾਲ ਉਸ ਦੇ ਚੰਗੇ ਸੰਬੰਧਾਂ ਦਾ ਦਾਅਵਾ ਰਿਹਾ ਹੈ। ਇਹੀ ਕਾਰਨ ਹੈ ਕਿ ਚੀਨ ਨੇ ਇੰਡੋਨੇਸ਼ੀਆ ਨਾਲ ਚੰਗੇ ਸੰਬੰਧਾਂ ਦੇ ਬਾਵਜੂਦ ਇੰਡੋਨੇਸ਼ੀਆ ਦੇ ਸਮੁੰਦਰੀ ਇਲਾਕੇ ਵਿਚ ਘੁਸਪੈਠ ਕੀਤੀ। ਜਦੋਂ ਕਿ ਇੰਡੋਨੇਸ਼ੀਆ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਪੂਰੇ ਦਾਅਵੇ ਨੂੰ ਲਗਾਤਾਰ ਖਾਰਜ ਕਰਦਾ ਰਿਹਾ ਹੈ।

ਆਰਥਿਕ ਸੰਕਟ ਵਿਚ ਫਸੀਆਂ ਕੰਪਨੀਆਂ ਵਿਚ ਹਿੱਸੇਦਾਰੀ ਵਧਾ ਕੇ ਕਬਜ਼ੇ 'ਚ ਲੈਣ ਦੀ ਚੀਨੀ ਖੇਡ

ਕੋਰੋਨਾ ਸੰਕਟ ਵਿਚਕਾਰ ਚੀਨ ਇਕ ਹੋਰ ਖੇਡ ਕਰ ਰਿਹਾ ਹੈ। ਚੀਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਰਥਿਕ ਸੰਕਟ ਤੋਂ ਪ੍ਰੇਸ਼ਾਨ ਕੰਪਨੀਆਂ ਵਿੱਚ ਆਪਣੀ ਹਿੱਸੇਦਾਰੀ ਪਾ ਰਿਹਾ ਹੈ। ਇਸ ਕਾਰਨ ਦੁਨੀਆ ਭਰ ਦੇ ਦੇਸ਼ ਸੁਚੇਤ ਹੋ ਗਏ ਹਨ। ਚੀਨ ਦੀ ਇਸ ਸ਼ਰਾਰਤ ਕਾਰਨ ਜਰਮਨੀ, ਆਸਟਰੇਲੀਆ ਸਮੇਤ ਕਈ ਦੇਸ਼ਾਂ ਨੇ ਆਪਣੇ ਕਾਨੂੰਨਾਂ ਵਿਚ ਸੋਧ ਕੀਤੀ ਹੈ ਕਿਉਂਕਿ ਚੀਨ ਨੇ ਯੂਰਪ ਅਤੇ ਏਸ਼ੀਆ ਦੇ ਬਾਜ਼ਾਰਾਂ ਵਿੱਚ ਦਾਖਲ ਹੋ ਰਹੇ ਕਈ ਦੇਸ਼ਾਂ ਵਿੱਚ ਮਹੱਤਵਪੂਰਨ ਅਸੈਟਸ (ਜਾਇਦਾਦ) ਖਰੀਦਣ ਦੀ ਖੇਡ ਵਿਚ ਲੱਗਾ ਹੈ। ਚੀਨ ਦੀ ਇਸ ਸ਼ਰਾਰਤ ਤੋਂ ਭਾਰਤ ਵੀ ਸੁਚੇਤ ਹੈ। ਬੈਂਕ ਆਫ ਚਾਈਨਾ ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਵਿੱਚ ਹਿੱਸੇਦਾਰੀ ਖਰੀਦੇ ਜਾਣ ਤੋਂ ਬਾਅਦ ਭਾਰਤ ਹਾਲ ਹੀ ਵਿੱਚ ਸਾਵਧਾਨ ਹੋ ਗਿਆ ਹੈ। ਭਾਰਤ ਨੇ ਆਪਣੇ ਸ਼ੇਅਰ ਮਾਰਕੀਟ ਵਿਚ ਵਿਦੇਸ਼ੀ ਨਿਵੇਸ਼ ਅਤੇ ਐੱਫ. ਡੀ. ਆਈ. ਨਿਯਮਾਂ ਵਿਚ ਅੰਸ਼ਿਕ ਸੋਧਾਂ ਕੀਤੀਆਂ ਹਨ। ਭਾਰਤ ਨਾਲ ਜਿਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਹਨ, ਉੱਥੋਂ ਆਉਣ ਵਾਲੇ ਨਿਵੇਸ਼ਾਂ ਨੂੰ ਪਹਿਲਾਂ ਹੁਣ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ। ਹਾਲਾਂਕਿ, ਭਾਰਤ ਦੇ ਇਸ ਫੈਸਲੇ ਤੋਂ ਚੀਨ ਕਾਫੀ ਨਾਰਾਜ਼ ਸੀ ਪਰ ਭਾਰਤ ਜਾਣਦਾ ਹੈ ਕਿ ਇਸ ਸਮੇਂ ਭਾਰਤੀ ਸ਼ੇਅਰ ਮਾਰਕੀਟ ਵਿਚ ਭਾਰੀ ਗਿਰਾਵਟ ਆ ਰਹੀ ਹੈ। ਅਜਿਹੇ ਵਿਚ ਕਈ ਚੰਗੀਆਂ ਕੰਪਨੀਆਂ ਦੇ ਸ਼ੇਅਰ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ ਵਿਚ ਚੀਨੀ ਕੰਪਨੀਆਂ ਖੁਦ ਜਾਂ ਉਨ੍ਹਾਂ ਕੰਪਨੀਆਂ ਰਾਹੀਂ ਜਿਸ ਵਿਚ ਚੀਨ ਦੀ ਹਿੱਸੇਦਾਰੀ ਹੈ, ਭਾਰਤੀ ਕੰਪਨੀਆਂ ਨੂੰ ਹਥਿਆਉਣ ਦੀ ਖੇਡ ਵਿਚ ਲੱਗ ਸਕਦੀਆਂ ਹਨ। 

ਚੀਨ ਦੁਨੀਆ ਦੇ ਕਈ ਦੇਸ਼ਾਂ ਨੂੰ ਘਟੀਆ ਬਾਇਓ ਮੈਡੀਕਲ ਉਪਕਰਣ ਵੇਚ ਰਿਹੈ

ਕੋਰੋਨਾ ਸੰਕਟ ਦੇ ਸਮੇਂ, ਚੀਨ ਵਿਸ਼ਵ ਭਰ ਵਿੱਚ ਘਟੀਆ ਬਾਇਓਮੈਡੀਕਲ ਉਪਕਰਣ ਵੇਚ ਰਿਹਾ ਹੈ । ਹੁਣ ਤੱਕ, ਬਹੁਤ ਸਾਰੇ ਦੇਸ਼ਾਂ ਨੇ ਚੀਨ ਤੋਂ ਦਰਾਮਦ ਕੋਰੋਨਾ ਟੈਸਟ ਕਿੱਟਾਂ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਹਨ। ਇੰਨਾ ਹੀ ਨਹੀਂ, ਚੀਨ ਇਨ੍ਹਾਂ ਕਿੱਟਾਂ ਨੂੰ ਬਹੁਤ ਮਹਿੰਗੇ ਭਾਅ 'ਤੇ ਵੱਡੇ ਪੱਧਰ 'ਤੇ ਵੇਚ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਦੀ ਭ੍ਰਿਸ਼ਟ ਪ੍ਰਣਾਲੀ ਚੀਨੀ ਕੰਪਨੀਆਂ ਦੀ ਸਹਾਇਤਾ ਕਰ ਰਹੀ ਹੈ। ਚੀਨ ਨੇ ਭਾਰਤ ਵਿਚ ਵੀ ਲੱਖਾਂ ਨਕਲੀ ਟੈਸਟ ਕਿੱਟਾਂ ਵੇਚੀਆਂ ਹਨ। ਜਦੋਂ ਇਨ੍ਹਾਂ ਟੈਸਟ ਕਿੱਟਾਂ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਗਏ ਤਾਂ ਫਿਲਹਾਲ ਇਨ੍ਹਾਂ ਟੈਸਟ ਕਿੱਟਾਂ ਤੋਂ ਕੋਰੋਨਾ ਜਾਂਚ ਬੰਦ ਕਰ ਦਿੱਤੀ ਗਈ ਹੈ ਪਰ ਇਹ ਵੀ ਗੰਭੀਰ ਦੋਸ਼ ਲੱਗੇ ਹਨ ਕਿ ਟੈਸਟ ਕਿੱਟਾਂ ਦੀ ਖਰੀਦ ਵਿਚ ਵੱਡਾ ਘੁਟਾਲਾ ਹੋਇਆ ਹੈ। ਟੈਸਟ ਕਿੱਟਾਂ ਦੋ ਤੋਂ ਤਿੰਨ ਗੁਣਾ ਕੀਮਤ 'ਤੇ ਖਰੀਦੀਆਂ ਗਈਆਂ ਹਨ। ਭਾਰੀ ਕਮਿਸ਼ਨਖੋਰੀ ਵੀ ਹੋਈ ਹੈ।  ਨੀਦਰਲੈਂਡਜ਼ ਅਤੇ ਬ੍ਰਿਟੇਨ ਨੇ ਵੀ ਚੀਨ ਤੋਂ ਮਿਲੀਆਂ ਘਟੀਆ ਟੈਸਟ ਕਿੱਟਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ, ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸ਼ਿਕਾਇਤ ਤੋਂ ਬਾਅਦ ਬਰਾਮਦ ਹੋਣ ਵਾਲੇ ਸਮਾਨ ਦੀ ਕੁਆਲਟੀ ਨੂੰ ਲੈ ਕੇ ਆਪਣੇ ਕਾਨੂੰਨਾਂ ਨੂੰ ਸਖਤ ਕਰ ਦਿੱਤਾ ਹੈ। ਹੁਣ, ਬਰਾਮਦ ਹੋਣ ਵਾਲੇ ਬਾਇਓਮੈਡੀਕਲ ਉਪਕਰਣਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਵਿਦੇਸ਼ਾਂ ਤੋਂ ਕੋਈ ਸ਼ਿਕਾਇਤ ਨਾ ਆਵੇ।

PunjabKesari
ਸੰਜੀਵ ਪਾਂਡੇ


author

Lalita Mam

Content Editor

Related News