ਨੌਕਰੀਆਂ ''ਤੇ ਡਿੱਗੀ ਕੋਰੋਨਾਵਾਇਰਸ ਦੀ ਗਾਜ, ਇਸ ਬੈਂਕ ਚੋਂ ਕੱਢੇ ਜਾਣਗੇ 35,000 ਕਰਮਚਾਰੀ

02/18/2020 8:16:09 PM

ਨਵੀਂ ਦਿੱਲੀ-ਅਮਰੀਕਾ-ਚੀਨ ਵਿਚਾਲੇ ਛਿੜੇ ਵਪਾਰ ਯੁੱਧ, ਬ੍ਰਿਟੇਨ ਦੇ ਯੂਰੋਪੀਅਨ ਸੰਘ ਤੋਂ ਬਾਹਰ ਆਉਣ ਅਤੇ ਚੀਨ 'ਚ ਕੋਰੋਨਾਵਾਇਰਸ ਫੈਲਣ ਕਾਰਨ ਹਾਂਗਕਾਂਗ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ (HSBC) ਬੈਂਕ ਹੁਣ ਸੰਕਟ 'ਚ ਘਿਰ ਗਿਆ ਹੈ। ਹੁਣ ਬੈਂਕ ਨੇ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਦਾ ਫੈਸਲਾ ਲਿਆ ਹੈ। ਦਰਅਸਲ ਹਾਂਗਕਾਂਗ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ (HSBC) ਨੇ ਮੰਗਲਵਾਰ ਨੂੰ ਆਪਣੇ ਕਾਰੋਬਾਰ ਦਾ ਤਰਕਸ਼ੀਲ ਪੁਨਰਗਠਨ ਕਰਨ ਦਾ ਐਲਾਨ ਕੀਤਾ। ਇਸ ਦੇ ਤਹਿਤ 35,000 ਲੋਕਾਂ ਦੀ ਛਾਂਟੀ ਕੀਤੀ ਜਾਣੀ ਸ਼ਾਮਲ ਹੈ, ਇਸ ਦਾ ਪ੍ਰਮੁੱਖ ਕਾਰਣ ਕੰਪਨੀ ਦਾ ਲਾਭ ਲਗਾਤਾਰ ਤਿੰਨ ਸਾਲਾਂ ਤੋਂ ਘੱਟਣਾ ਹੈ।

ਬੈਂਕ ਦਾ ਕਹਿਣਾ ਹੈ ਕਿ ਉਹ ਆਪਣੇ ਬੈਂਕ ਦੇ ਯੂਰੋਪ ਅਤੇ ਅਮਰੀਕਾ ਦੇ ਕਾਰੋਬਾਰ ਦਾ ਦਾਇਰਾ ਵੀ ਘਟਾਵੇਗਾ। ਅਮਰੀਕਾ-ਚੀਨ ਦੇ ਵਿਚਾਲੇ ਛਿੜੇ ਵਪਾਰ ਯੁੱਧ, ਬ੍ਰਿਟੇਨ ਦੇ ਯੂਰੋਪੀਅਨ ਸੰਘ ਤੋਂ ਬਾਹਰ ਆਉਣ ਅਤੇ ਚੀਨ 'ਚ ਕੋਰੋਨਾਵਾਇਰਸ ਫੈਲਣ ਦੀ ਸਮੱਸਿਆ ਨੂੰ ਦੇਖਦੇ ਹੋਏ ਬੈਂਕ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ 'ਚ ਉਹ ਆਪਣੀ ਓਪਰੇਟਿੰਗ ਲਾਗਤ 'ਚ ਕਟੌਤੀ 'ਤੇ ਧਿਆਨ ਦੇ ਰਿਹਾ ਹੈ। ਹਾਲਾਂਕਿ ਚੀਨ 'ਚ ਬਿਹਤਰ ਮੌਜੂਦਗੀ ਦੇ ਚੱਲਦੇ ਬੈਂਕ ਦਾ ਏਸ਼ੀਆਈ ਕਾਰੋਬਾਰ ਵਧੀਆ ਚੱਲ ਰਿਹਾ ਹੈ ਜਦਕਿ ਉਸ ਦੇ ਅਮਰੀਕਾ ਅਤੇ ਯੂਰੋਪ ਦੇ ਕਾਰੋਬਾਰ ਦਾ ਪ੍ਰਦਸ਼ਨ ਨਿਰਾਸ਼ਾਜਨਕ ਹੈ। ਪਿਛਲੇ ਸਾਲ ਬੈਂਕ ਦੇ ਲਾਭ 'ਚ ਇਕ ਤਿਹਾਈ ਦੀ ਕਮੀ ਆਈ ਸੀ।

ਬੈਂਕ ਨੇ ਕਿਹਾ ਕਿ 2022 ਤਕ ਉਸ ਦੀ ਲਾਗਤ 'ਚ ਕਰੀਬ 32 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕਰਨ ਦੀ ਯੋਜਨਾ ਹੈ। ਜ਼ਿਆਦਾਤਰ ਕਟੌਤੀ ਅਮਰੀਕੀ ਅਤੇ ਯੂਰੋਪੀਅਨ ਕਾਰੋਬਾਰ ਨਾਲ ਹੋਵੇਗੀ। ਅਮਰੀਕਾ 'ਚ ਬੈਂਕ ਨੇ ਬ੍ਰਾਂਚ ਦੀ ਗਿਣਤੀ 'ਚ 30 ਫੀਸਦੀ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੋਇਲ ਕਿਉਇਨ ਨੇ ਕਿਹਾ ਕਿ ਸਾਡੇ ਕਾਰੋਬਾਰ ਦੇ ਕੁਝ ਹਿੱਸੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਰਹੇ, ਇਸ ਲਈ ਆਪਣੇ ਨਿਵੇਸ਼ਕਾਂ ਨੂੰ ਬਿਹਤਰ ਨਤੀਜੇ ਦੇਣ ਲਈ ਆਪਣੀ ਯੋਜਨਾ 'ਤੇ ਦੁਬਾਰਾ ਵਿਚਾਰ ਕਰ ਰਹੇ ਹਾਂ। ਬਾਅਦ 'ਚ ਬਲੂਮਬਰਗ ਨਿਊਜ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ 'ਚ ਉਹ ਆਪਣੇ ਕਰਮਚਾਰੀਆਂ ਦੀ ਗਿਣਤੀ 2,35,000 ਤੋਂ ਘਟਾ ਕੇ 2,00,000 ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਸ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ।


Karan Kumar

Content Editor

Related News